ਮੁੰਬਈ (ਏਜੰਸੀ) : ਇਕ ਹੈਰਾਨੀਜਨਕ ਕ੍ਰਿਕਟ ਮੈਚ ਵਿਚ ਅੰਡਰ-16 ਹੈਰਿਸ ਸ਼ੀਲਡ ਟੂਰਨਾਮੈਂਟ ਵਿਚ ਇਕ ਟੀਮ ਦਾ ਕੋਈ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ ਅਤੇ ਉਸ ਨੂੰ 754 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਵਾਮੀ ਵਿਵੇਕਾਨੰਦ ਸਕੂਲ ਤੇ ਚਿਲਡਰਨ ਵੈਲਫੇਅਰ ਸੈਂਟਰ ਸਕੂਲ ਵਿਚਕਾਰ ਇਹ ਮੈਚ ਖੇਡਿਆ ਸੀ। ਚਿਲਡਰਨ ਵੈਲਫੇਅਰ ਸੈਂਟਰ ਸਕੂਲ ਦਾ ਕੋਈ ਵੀ ਬੱਲੇਬਾਜ਼ ਦੌੜ ਨਹੀਂ ਬਣਾ ਸਕਿਆ। ਸਾਰੇ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ ਹਾਲਾਂਕਿ ਟੀਮ ਨੇ ਵਾਧੂ ਦੀਆਂ ਸੱਤ ਦੌੜਾਂ ਜ਼ਰੂਰ ਬਣਾਈਆਂ। ਇਸ ਵਿਚ ਇਕ ਬਾਈ ਤੇ ਛੇ ਵਾਈਡ ਸਨ। ਬੋਰਿਵਲੀ ਦੇ ਸਵਾਮੀ ਵਿਵੇਕਾਨੰਦ ਸਕੂਲ ਨੇ 45 ਓਵਰਾਂ ਵਿਚ ਚਾਰ ਵਿਕਟਾਂ 'ਤੇ 761 ਦੌੜਾਂ ਬਣਾਏ ਸਨ। ਬੱਲੇਬਾਜ਼ ਮੀਤ ਮਾਯੇਕਰ 134 ਗੇਂਦਾਂ ਵਿਚ ਸੱਤ ਛੱਕੇ ਅਤੇ 56 ਚੌਕਿਆਂ ਦੀ ਮਦਦ ਨਾਲ 338 ਦੌੜਾਂ ਬਣਾ ਕੇ ਨਾਬਾਦ ਰਹੇ। ਵਿਵੇਕਾਨੰਦ ਸਕੂਲ ਲਈ ਆਲੋਕ ਪਾਲ ਨੇ ਤਿੰਨ ਦੌੜਾਂ ਦੇ ਕੇ ਛੇ ਤੇ ਬਰਾਦ ਬਾਜੇ ਨੇ ਤਿੰਨ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹੈਰਿਸ ਸ਼ੀਲਡ ਦੇ 126 ਸਾਲ ਦੇ ਇਤਿਹਾਸ ਦਾ ਇਹ ਸਭ ਤੋਂ ਅਨੋਖਾ ਮੈਚ ਰਿਹਾ।