ਮੈਲਬੌਰਨ (ਪੀਟੀਆਈ) : ਲਗਾਤਾਰ ਸੱਟਾਂ ਨਾਲ ਪਰੇਸ਼ਾਨ ਰਹਿ ਚੁੱਕੇ ਕਵੀਨਜ਼ਲੈਂਡ ਦੇ ਤੇਜ਼ ਗੇਂਦਬਾਜ਼ ਤੇ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਕ੍ਰੇਗ ਮੈਕਡਰਮੋਟ ਦੇ ਪੁੱਤਰ ਏਲੀਸਟੇਅਰ ਮੈਕਡਰਮੋਟ ਨੇ ਸਿਰਫ਼ 29 ਸਾਲ ਦੀ ਉਮਰ ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਮੈਕਡਰਮੋਟ ਨੇ 2009 ਵਿਚ 18 ਸਾਲ ਦੀ ਉਮਰ ਵਿਚ ਪਹਿਲਾ ਦਰਜਾ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਉਹ 2011 ਵਿਚ ਰਾਸ਼ਟਰੀ ਟੀਮ ਵਿਚ ਥਾਂ ਬਣਾਉਣ ਦੇ ਨੇੜੇ ਪੁੱਜੇ।

ਆਪਣੀ ਟੀਮ ਦੇ ਨਾਲ ਸ਼ੇਫੀਲਡ ਸ਼ੀਲਡ ਤੇ ਵਨ ਡੇ ਖ਼ਿਤਾਬ ਜਿੱਤਣ ਤੋਂ ਇਲਾਵਾ ਉਹ ਬਿਗ ਬੈਸ਼ ਲੀਗ ਦੇ ਦੂਜੇ ਸੈਸ਼ਨ ਵਿਚ ਖ਼ਿਤਾਬ ਜਿੱਤਣ ਵਾਲੀ ਬਿ੍ਸਬੇਨ ਹੀਟ ਟੀਮ ਦਾ ਹਿੱਸਾ ਵੀ ਰਹੇ। ਇਹ ਸਭ ਉਨ੍ਹਾਂ ਨੇ 22 ਸਾਲ ਦੀ ਉਮਰ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਸੀ। ਇਸ ਤੋਂ ਬਾਅਦ ਸੱਟਾਂ ਦਾ ਅਸਰ ਉਨ੍ਹਾਂ ਦੇ ਕਰੀਅਰ 'ਤੇ ਪਿਆ ਜਿਸ ਕਾਰਨ ਉਨ੍ਹਾਂ ਨੂੰ ਇਕ ਵਾਰ ਵਾਪਸੀ ਤੋਂ ਬਾਅਦ ਹੁਣ ਸੰਨਿਆਸ ਲੈਣਾ ਪਿਆ। ਏਲੀਸਟੇਅਰ ਆਪਣੇ ਪਿਤਾ ਵਾਂਗ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਤੇ ਉਨ੍ਹਾਂ ਨੇ 20 ਪਹਿਲਾ ਦਰਜਾ ਮੈਚਾਂ ਵਿਚ 24.77 ਦੀ ਅੌਸਤ ਨਾਲ 75 ਵਿਕਟਾਂ ਲਈਆਂ ਸਨ।

ਪਰਿਵਾਰ ਤੇ ਕ੍ਰਿਕਟ ਕੋਚਿੰਗ 'ਤੇ ਫੋਕਸ ਕਰਨ ਦਾ ਇਰਾਦਾ

ਉਨ੍ਹਾਂ ਨੇ ਵੈੱਬਸਾਈਟ 'ਤੇ ਲਿਖਿਆ ਕਿ ਪਿਛਲੇ ਸੈਸ਼ਨ ਦੇ ਸ਼ੁਰੂਆਤੀ ਸੱਤ ਮਹੀਨੇ ਮੇਰੇ ਲਈ ਚੁਣੌਤੀਆਂ ਵਾਲੇ ਰਹੇ। ਇਹ ਮੇਰੇ ਕਰੀਅਰ ਲਈ ਮਾਨਸਿਕ ਤੌਰ 'ਤੇ ਸਭ ਤੋਂ ਚੁਣੌਤੀਪੂਰਨ ਸਮਾਂ ਸੀ। ਮੈਂ ਲਗਾਤਾਰ ਸੱਟਾਂ ਨਾਲ ਜੂਝਦਾ ਰਿਹਾ। ਉਨ੍ਹਾਂ ਨੇ ਕਿਹਾ ਕਿ ਹੁਣ ਪਰਿਵਾਰ ਨਾਲ ਸਮਾਂ ਗੁਜ਼ਾਰਨ ਤੋਂ ਇਲਾਵਾ ਉਹ ਕ੍ਰਿਕਟ ਕੋਚਿੰਗ 'ਤੇ ਫੋਕਸ ਕਰਨਗੇ।