ਦੁਬਈ, ਪੀਟੀਆਈ : ਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ਵਿਚ ਘੱਟ ਸਕੋਰ ਵਾਲੇ ਟੈਸਟ ਮੈਚ ਵਿਚ ਸਰਬੋਤਮ ਪਾਰੀ ਖੇਡਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਐਤਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਛੇ ਸਥਾਨ ਦੇ ਸੁਧਾਰ ਨਾਲ ਆਪਣੇ ਕਰੀਅਰ ਦੇ ਸਰਬੋਤਮ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਇਸ ਮੈਚ ਦੀ ਪਹਿਲੀ ਪਾਰੀ ਵਿਚ ਰੋਹਿਤ ਨੇ 66 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਵਿਚ ਅਜੇਤੂ 25 ਦੌੜਾਂ ਬਣਾਈਆਂ ਸਨ।
ਭਾਰਤੀ ਟੀਮ ਨੇ ਇਸ ਮੁਕਾਬਲੇ ਨੂੰ ਦੋ ਦਿਨਾਂ ਅੰਦਰ 10 ਵਿਕਟਾਂ ਨਾਲ ਆਪਣੇ ਨਾਂ ਕੀਤਾ ਸੀ। ਰੋਹਿਤ 10ਵੇਂ ਸਥਾਨ 'ਤੇ ਮੌਜੂਦ ਟੀਮ ਦੇ ਸਾਥੀ ਖਿਡਾਰੀ ਚੇਤੇਸ਼ਵਰ ਪੁਜਾਰਾ ਤੋਂ ਦੋ ਸਥਾਨ ਉੱਪਰ ਹਨ। ਉਨ੍ਹਾਂ ਦੇ ਨਾਂ 742 ਰੇਟਿੰਗ ਅੰਕ ਹਨ ਜੋ ਉਨ੍ਹਾਂ ਦੇ ਪਿਛਲੇ ਸਰਬੋਤਮ 722 ਅੰਕ (ਅਕਤੂਬਰ 2019) ਤੋਂ 20 ਅੰਕ ਜ਼ਿਆਦਾ ਹਨ। ਉਸ ਸਮੇਂ ਰੈਂਕਿੰਗ ਵਿਚ ਉਹ 10ਵੇਂ ਸਥਾਨ 'ਤੇ ਸਨ। ਕਪਤਾਨ ਵਿਰਾਟ ਕੋਹਲੀ ਪੰਜਵੇਂ ਸਥਾਨ 'ਤੇ ਕਾਬਜ ਹਨ। ਸਪਿੰਨਰਾਂ ਦੀ ਮਦਦਗਾਰ ਪਿੱਚ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੈਨ ਆਫ ਦ ਮੈਚ ਅਕਸ਼ਰ ਪਟੇਲ ਤੇ ਤਜਰਬੇਕਾਰ ਰਵੀਚੰਦਰਨ ਅਸ਼ਵਿਨ ਵੀ ਆਪਣੀ ਰੈਂਕਿੰਗ ਵਿਚ ਸੁਧਾਰ ਕਰਨ ਵਿਚ ਕਾਮਯਾਬ ਰਹੇ। ਮੈਚ ਵਿਚ 11 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ 30 ਸਥਾਨ ਦੇ ਸੁਧਾਰ ਨਾਲ 38ਵੇਂ ਜਦਕਿ ਸੱਤ ਵਿਕਟਾਂ ਲੈਣ ਵਾਲੇ ਆਫ ਸਪਿੰਨਰ ਅਸ਼ਵਿਨ ਚਾਰ ਸਥਾਨ ਦੇ ਸੁਧਾਰ ਨਾਲ ਤੀਜੇ ਸਥਾਨ 'ਤੇ ਪੁੱਜ ਗਏ ਹਨ। ਇੰਗਲੈਂਡ ਦੇ ਸਪਿੰਨਰ ਜੈਕ ਲੀਚ ਵੀ ਪਹਿਲੀ ਵਾਰ ਸਿਖਰਲੇ 30 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਇਸ ਟੈਸਟ ਵਿਚ ਚਾਰ ਵਿਕਟਾਂ ਹਾਸਲ ਕਰ ਕੇ ਉਹ 28ਵੇਂ ਜਦਕਿ ਟੈਸਟ ਵਿਚ ਪਹਿਲੀ ਵਾਰ ਪਾਰੀ ਵਿਚ ਪੰਜ ਵਿਕਟਾਂ ਲੈਣ ਵਾਲੇ ਕਪਤਾਨ ਜੋ ਰੂਟ 16 ਸਥਾਨਾਂ ਦੇ ਸੁਧਾਰ ਨਾਲ 72ਵੇਂ ਸਥਾਨ 'ਤੇ ਪੁੱਜ ਗਏ। ਰੂਟ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿਚ 13ਵੇਂ ਸਥਾਨ 'ਤੇ ਹਨ। ਪਹਿਲੀ ਪਾਰੀ ਵਿਚ 53 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਜੈਕ ਕ੍ਰਾਲੇ 15 ਸਥਾਨ ਦੇ ਸੁਧਾਰ ਨਾਲ 46ਵੇਂ ਸਥਾਨ 'ਤੇ ਪੁੱਜ ਗਏ ਹਨ।
ਹਫ਼ਤਾਵਾਰੀ ਆਧਾਰ 'ਤੇ ਹੋਵੇਗੀ ਦਰਜਾਬੰਦੀ :
ਇਸ ਵਿਚਾਲੇ ਆਈਸੀਸੀ ਨੇ ਕਿਹਾ ਕਿ ਮਰਦ ਤੇ ਮਹਿਲਾ ਖਿਡਾਰੀਆਂ ਦੀ ਰੈਂਕਿੰਗ ਨੂੰ ਮਾਰਚ 2021 ਤੋਂ ਹਫ਼ਤਾਵਾਰੀ ਆਧਾਰ 'ਤੇ ਕੀਤਾ ਜਾਵੇਗਾ। ਆਈਸੀਸੀ ਮੁਤਾਬਕ ਇਹ ਤਬਦੀਲੀ ਰੈਂਕਿੰਗ ਦੀ ਗਿਣਤੀ ਦੇ ਤਰੀਕੇ ਨੂੰ ਪ੍ਰਭਾਵਿਤ ਨਹੀਂ ਕਰੇਗੀ ਪਰ ਇਸ ਦਾ ਮਤਲਬ ਹੈ ਕਿ ਰੈਂਕਿੰਗ ਨੂੰ ਕਿਸੇ ਸੀਰੀਜ਼ ਦੇ ਖ਼ਤਮ ਹੋਣ ਦੀ ਥਾਂ ਹਫ਼ਤਾਵਾਰੀ ਤੌਰ 'ਤੇ ਜਾਰੀ ਕੀਤਾ ਜਾਵੇਗਾ ਜਿਸ ਵਿਚ ਉਸ ਸਮੇਂ ਜਾਰੀ ਮੈਚ ਦੇ ਪ੍ਰਦਰਸ਼ਨ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਚੋਟੀ ਦੇ ਪੰਜ ਬੱਲੇਬਾਜ਼
ਬੱਲੇਬਾਜ਼, ਟੀਮ, ਅੰਕ
ਕੇਨ ਵਿਲੀਅਮਸਨ, ਨਿਊਜ਼ੀਲੈਂਡ, 919
ਸਟੀਵ ਸਮਿਥ, ਆਸਟ੍ਰੇਲੀਆ, 891
ਮਾਰਨਸ ਲਾਬੂਸ਼ਾਨੇ, ਆਸਟ੍ਰੇਲੀਆ, 878
ਜੋ ਰੂਟ, ਇੰਗਲੈਂਡ, 853
ਵਿਰਾਟ ਕੋਹਲੀ, ਭਾਰਤ, 836
ਸਿਖਰਲੇ ਪੰਜ ਗੇਂਦਬਾਜ਼
ਗੇਂਦਬਾਜ਼, ਟੀਮ, ਅੰਕ
ਪੈਟ ਕਮਿੰਸ, ਆਸਟ੍ਰੇਲੀਆ, 908
ਨੀਲ ਵੈਗਨਰ, ਨਿਊਜ਼ੀਲੈਂਡ, 825
ਰਵੀਚੰਦਰਨ ਅਸ਼ਵਿਨ, ਭਾਰਤ, 823
ਜੋਸ਼ ਹੇਜ਼ਲਵੁਡ, ਆਸਟ੍ਰੇਲੀਆ, 816
ਟਿਮ ਸਾਊਥੀ, ਨਿਊਜ਼ੀਲੈਂਡ, 811
Posted By: Rajnish Kaur