ਜੇਐੱਨਐੱਨ, ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ ਦੇ ਅਹਿਮ ਮੁਕਾਬਲਿਆਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਟੀਮ ਦੀ ਇਸ ਜਿੱਤ 'ਚ ਓਪਨਰ ਮਨਦੀਪ ਸਿੰਘ ਦੀਆਂ 66 ਦੌੜਾਂ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਕ੍ਰਿਸ ਗੇਲ ਨਾਲ ਮਿਲ ਕੇ 100 ਦੌੜਾਂ ਦੀ ਸਾਂਝੇਦਾਰੀ ਬਣਾਈ ਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।

ਮੈਚ 'ਚ ਮਨਦੀਪ ਨੇ 56 ਗੇਂਦਾਂ 'ਤੇ 8 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਕੁੱਲ 66 ਦੌੜਾਂ ਦੀ ਪਾਰੀ ਖੇਡੀ। ਮੈਚ 'ਚ ਬਿਨਾਂ ਆਊਟ ਹੋਇਆਂ ਪਰਤਣ ਤੋਂ ਬਾਅਦ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੈਚ 'ਚ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ। ਮਨਦੀਪ ਨੇ ਕਿਹਾ ਕਿ ਇਹ ਵਾਕਿਆ ਹੀ ਖ਼ਾਸ ਸੀ। ਮੇਰੇ ਪਿਤਾ ਮੈਨੂੰ ਅਕਸਰ ਹੀ ਕਹਿੰਦੇ ਸਨ ਕਿ ਹਰ ਮੈਚ 'ਚ ਨਾਟਆਊਟ ਰਿਹਾ ਕਰੋ, ਤਾਂ ਵਾਕਿਆ ਹੀ ਇਹ ਖ਼ਾਸ ਸੀ। ਉਹ ਮੈਨੂੰ ਇਹ ਗੱਲ ਹਮੇਸ਼ਾ ਹੀ ਕਹਿੰਦੇ ਸਨ ਕਿ ਚਾਹੇ 100 ਦੌੜਾਂ ਬਣਾਓ ਜਾਂ ਫਿਰ 200, ਕਦੇ ਆਊਟ ਨਹੀਂ ਹੋਣਾ ਚਾਹੀਦਾ। ਮੇਰੀ ਰਾਹੁਲ ਨਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ। ਪਿਛਲੇ ਮੁਕਾਬਲੇ 'ਚ ਮੈਂ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਕਰਨ ਨਾਲ ਸੰਤੁਸ਼ਟ ਨਹੀਂ ਹੋ ਰਿਹਾ ਸੀ। ਮੈਂ ਰਾਹੁਲ ਨੂੰ ਕਿਹਾ ਸੀ ਕਿ ਮੈਂ ਆਪਣੀ ਸੁਭਾਵਿਕ ਖੇਡ ਖੇਡਾਂਗਾ ਤੇ ਮੈਚ ਜਿਤਾਵਾਂਗਾ। ਮੈਨੂੰ ਇਸ ਗੱਲ 'ਤੇ ਯਕੀਨ ਸੀ।

ਕਪਤਾਨ ਰਾਹੁਲ ਦੀ ਤਾਰੀਫ਼ ਕਰਦਿਆਂ ਮਨਦੀਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਮੇਰੀ ਖੇਡ ਦਾ ਸਮਰਥਨ ਕੀਤਾ ਤੇ ਜਿਸ ਤਰ੍ਹਾਂ ਮੈਂ ਖੇਡਣਾ ਚਾਹੁੰਦਾ ਸੀ, ਉਸ ਤਰ੍ਹਾਂ ਹੀ ਖੇਡਿਆ। ਟੀਮ ਨੂੰ ਮਿਲੀ ਇਸ ਜਿੱਤ ਤੋਂ ਮੈਂ ਬਹੁਤ ਖ਼ੁਸ਼ ਹਾਂ। ਗੇਲ ਮੈਨੂੰ ਕਹਿ ਰਹੇ ਸੀ ਕਿ ਲਗਾਤਾਰ ਬੱਲੇਬਾਜ਼ੀ ਕਰਦੇ ਰਹੋ ਤੇ ਅਖ਼ੀਰ ਤਕ ਖੇਡੋ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਨੂੰ ਕਦੇ ਰਿਟਾਇਰ ਨਹੀਂ ਹੋਣਾ ਚਾਹੀਦਾ। ਉਹ ਵਾਕਿਆ ਹੀ ਬਹੁਤ ਕਮਾਲ ਹੈ, ਮੈਂ ਵਾਕਿਆ ਹੀ ਕਾਫ਼ੀ ਉਤਸ਼ਾਹਿਤ ਸੀ।

Posted By: Harjinder Sodhi