ਨਵੀਂ ਦਿੱਲੀ, ਆਨਲਾਈਨ ਡੈਸਕ : ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਦੋ ਮੈਚਾਂ ਲਈ ਵੀਜ਼ਾ ਮਿਲਦਿਆਂ ਹੀ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਅਮਰੀਕਾ ਦੇ ਫਲੋਰੀਡਾ ਪਹੁੰਚ ਗਈਆਂ। ਦੋਵਾਂ ਟੀਮਾਂ ਨੂੰ ਵੀਜ਼ਾ ਮਿਲਣ ’ਚ ਕਾਫ਼ੀ ਪਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਫਲੋਰੀਡਾ ’ਚ ਹੋਣ ਵਾਲੇ ਦੋ ਟੀ-20 ਮੈਚਾਂ ਨੂੰ ਲੈ ਕੇ ਉਲਝਣ ਪੈਦਾ ਹੋ ਗਈ ਸੀ। ਵੈਸਟਇੰਡੀਜ਼ ਕਿ੍ਰਕਟ ਬੋਰਡ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਦਿਸ ਰਿਹਾ ਹੈ ਕਿ ਵਿੰਡੀਜ਼ ਟੀਮ ਫਲੋਰੀਡਾ ਪਹੁੰਚ ਗਈ ਹੈ। ਖਿਡਾਰੀ ਬੱਸ ’ਚੋਂ ਉਤਰਦੇ ਦਿਖਾਈ ਦੇ ਰਹੇ ਹਨ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ ਵੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ’ਚ ਉਨ੍ਹਾਂ ਨੇ ਫਲੋਰੀਡਾ ਦੀ ਚੀਜ ਕੇਕ ਫੈਕਟਰੀ ਦਿਖਾਈ ਹੈ, ਨਾਲ ਹੀ ਇਹ ਵੀ ਦੱਸਿਆ ਹੈ ਕਿ ਉਹ ਇਸ ਸਮੇਂ ਫਲੋਰੀਡਾ ਵਿਚ ਹੈ। ਦੋਵੇਂ ਮੈਚ 6 ਅਤੇ 7 ਅਗਸਤ ਨੂੰ ਹੋਣਗੇ।

ਗਯਾਨਾ ਦੇ ਰਾਸ਼ਟਰਪਤੀ ਦੇ ਦਖ਼ਲ ਤੋਂ ਬਾਅਦ ਮਿਲਿਆ ਵੀਜ਼ਾ

ਇਕ ਰਿਪੋਰਟ ਅਨੁਸਾਰ ਗਯਾਨਾ ਦੇ ਰਾਸ਼ਟਰਪਤੀ ਇਰਫਾਨ ਅਲੀ ਨੇ ਦੋਵਾਂ ਟੀਮਾਂ ਦੇ ਸਾਰੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕੀਤੀ, ਜਿਸ ਲਈ ਵੈਸਟਇੰਡੀਜ਼ ਕਿ੍ਰਕਟ ਬੋਰਡ ਨੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਰਿਪੋਰਟ ਮੁਤਾਬਕ ਭਾਰਤੀ ਟੀਮ ਦੇ 14 ਮੈਂਬਰਾਂ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਸੀ। ਦੂਜੇ ਟੀ-20 ਮੈਚ ਤੋਂ ਬਾਅਦ ਸਾਰਿਆਂ ਨੂੰ ਗਯਾਨਾ ’ਚ ਅਮਰੀਕੀ ਦੂਤਘਰ ’ਚ ਇੰਟਰਵਿਊ ਲਈ ਭੇਜਿਆ ਗਿਆ। ਇਨ੍ਹਾਂ ਖਿਡਾਰੀਆਂ ਵਿਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਸ਼ਾਮਲ ਸਨ।

ਪਹਿਲਾਂ ਹੀ ਪਹੁੰਚ ਚੁੱਕੇ ਹਨ ਹੋਰ ਖਿਡਾਰੀ

ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਦਿਨੇਸ਼ ਕਾਰਤਿਕ, ਰਵੀ ਬਿਸ਼ਨੋਈ ਅਤੇ ਕੁਲਦੀਪ ਯਾਦਵ ਸਮੇਤ ਹੋਰ ਲੋਕ ਪਹਿਲਾਂ ਪਹੁੰਚ ਚੁੱਕੇ ਹਨ। ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਸੀ। ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਰੋਹਿਤ ਆਖ਼ਰੀ ਦੋ ਮੈਚਾਂ ’ਚ ਖੇਡਣਗੇ। ਦਰਅਸਲ ਮੰਗਲਵਾਰ ਨੂੰ ਤੀਜੇ ਟੀ-20 ਮੈਚ ਦੌਰਾਨ ਰੋਹਿਤ ਰਿਟਾਇਰਡ ਹਰਟ ਹੋ ਕੇ ਪੈਵੇਲੀਅਨ ਪਰਤ ਗਏ ਸਨ। ਉਸ ਦੀ ਪਿੱਠ ’ਤੇ ਸੱਟ ਲੱਗ ਗਈ ਸੀ।

Posted By: Harjinder Sodhi