ਲਾਹੌਰ (ਆਈਏਐੱਨਐੱਸ) : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਸੋਮਵਾਰ ਨੂੰ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦੇਣ ਲਈ ਧੰਨਵਾਦ ਕਰਨ ਦੌਰਾਨ ਆਪਣੀ ਉਮਰ ਬਾਰੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਫਰੀਦੀ ਨੇ ਟਵਿੱਟਰ 'ਤੇ ਕਿਹਾ ਕਿ ਉਹ ਇਸ ਸਾਲ 44 ਸਾਲ ਦੇ ਹੋ ਗਏ ਹਨ ਜਦੋਂਕਿ ਉਨ੍ਹਾਂ ਆਪਣੀ ਸਵੈ-ਜੀਵਨੀ 'ਚ ਦੱਸਿਆ ਸੀ ਕਿ ਉਹ 1975 'ਚ ਪੈਦਾ ਹੋਏ ਸਨ।

ਅਫਰੀਦੀ ਨੇ ਟਵੀਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਜਨਮ ਦਿਨ 'ਤੇ ਵਧਾਈਆਂ ਦੇਣ ਲਈ ਧੰਨਵਾਦ। ਮੈਂ ਅੱਜ 44 ਸਾਲ ਦਾ ਹੋ ਗਿਆ। ਮੇਰਾ ਪਰਿਵਾਰ ਤੇ ਮੇਰੇ ਪ੍ਰਸ਼ੰਸਕ ਮੇਰੀ ਸਭ ਤੋਂ ਵੱਡੀ ਪੂੰਜੀ ਹਨ। ਮੁਲਤਾਨ ਨਾਲ ਜੁੜਨ ਦਾ ਆਨੰਦ ਲਿਆ ਤੇ ਮੁਲਤਾਨ ਸੁਲਤਾਂਸ ਦੇ ਸਾਰੇ ਪ੍ਰਸ਼ੰਸਕਾਂ ਲਈ ਜੇਤੂ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।

ਅਪ੍ਰੈਲ 2019 'ਚ ਆਈ ਅਫਰੀਦੀ ਦੀ ਸਵੈ-ਜੀਵਨੀ 'ਗੇਮ ਚੇਂਜਰ' 'ਚ ਉਨ੍ਹਾਂ ਦੱਸਿਆ ਕਿ ਉਹ 1980 'ਚ ਨਹੀਂ ਬਲਕਿ 1975 'ਚ ਪੈਦਾ ਹੋਏ ਸਨ। ਇਸ ਦਾ ਮਤਲਬ ਇਹ ਹੈ ਕਿ 1996 'ਚ ਸ੍ਰੀਲੰਕਾ ਖ਼ਿਲਾਫ਼ 37 ਗੇਂਦਾ 'ਤੇ ਜਦੋਂ ਉਨ੍ਹਾਂ ਸੈਂਕੜਾ ਠੋਕਿਆ, ਤਾਂ ਉਹ 16 ਨਵੀਂ ਬਲਕਿ 19 ਸਾਲ ਦੇ ਸਨ। ਅਫਰੀਦੀ ਨੇ ਆਪਣੀ ਸਵੈ-ਜੀਵਨੀ 'ਚ ਕਿਹਾ, 'ਦਾਅਵਾ ਕੀਤਾ ਜਾਂਦਾ ਹੈ ਕਿ ਮੈਂ ਉਸ ਸਮੇਂ 16 ਸਾਲ ਦਾ ਸੀ ਪਰ ਮੈਂ 19 ਸਾਲ ਦਾ ਸੀ। ਅਧਿਕਾਰੀਆਂ ਨੂੰ ਮੇਰੀ ਉਮਰ ਬਾਰੇ ਗਲਤੀ ਹੋਈ ਹੈ।'

ਇਕ ਟਵਿੱਟਰ ਯੂਜ਼ਰ ਨੇ ਲਿਖਿਆ, '16 ਸਾਲ ਦੇ ਅਫਰੀਦੀ ਨੇ ਸਭ ਤੋਂ ਤੇਜ਼ ਸੈਂਕੜਾ ਠੋਕਿਆ ਸੀ। ਉਹ ਅੱਜ 44 ਸਾਲ ਦੇ ਹੋ ਗਏ। ਉਨ੍ਹਾਂ ਦੀ ਕਿਤਾਬ ਮੁਤਾਬਕ ਉਹ 46 ਸਾਲਾਂ ਦੇ ਹਨ ਤੇ ਵਿਕੀਪੀਡੀਆ ਮੁਤਾਬਕ ਉਹ 41 ਸਾਲ ਦੇ ਹਨ। ਜਨਮ ਦਿਨ ਮੁਕਾਬਕ ਲਾਲਾ।'

ਕ੍ਰਿਕਟ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਮੋਹਨਦਾਸ ਮੇਨਨ ਨੇ ਟਵੀਟ ਕਰ ਕੇ ਕਿਹਾ ਕਿ ਸਾਨੂੰ ਅਧਿਕਾਰਿਤ ਤੌਰ 'ਤੇ ਅਫਰੀਦੀ ਦੀ ਜਨਮ ਮਿਤੀ ਇਕ ਮਾਰਚ 1980 ਤੋਂ ਬਦਲ ਕੇ ਇਕ ਮਾਰਚ 1977 ਕਰ ਦੇਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਅਫ਼ਗਾਨਿਸਤਾਨ ਦੇ ਉਸਮਾਨ ਘਨੀ (17 ਸਾਲ 242 ਦਿਨ) ਵਨਡੇ 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਸਭ ਤੋਂ ਯੁਵਾ ਖਿਡਾਰੀ ਹਨ।

Posted By: Susheel Khanna