Aaron Finch Retirement : ਨਵੀਂ ਦਿੱਲੀ, ਸਪੋਰਟਸ ਡੈਸਕ : ਆਸਟ੍ਰੇਲੀਆ ਦੀ ਟੀ-20 ਅਤੇ ਵਨਡੇ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਐਰੋਨ ਫਿੰਚ ਨੂੰ ਵਿਸਫੋਟਕ ਓਪਨਿੰਗ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਉਸ ਦੇ ਨਾਂ ਕਈ ਰਿਕਾਰਡ ਹਨ ਪਰ ਆਈਪੀਐੱਲ 'ਚ ਉਨ੍ਹਾਂ ਦਾ ਇਕ ਅਨੋਖਾ ਰਿਕਾਰਡ ਹੈ। ਉਹ 9 ਆਈਪੀਐਲ ਫਰੈਂਚਾਇਜ਼ੀ ਨਾਲ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ। ਭਾਰਤ ਦੇ ਜੈਦੇਵ ਉਨਾਦਕਟ ਤੇ ਮਨੀਸ਼ ਪਾਂਡੇ 7 ਟੀਮਾਂ ਨਾਲ ਖੇਡ ਚੁੱਕੇ ਹਨ।

ਸਾਲ 2022 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਫਿੰਚ ਨੂੰ ਉਸਦੇ ਬੇਸ ਪ੍ਰਾਈਸ 'ਤੇ ਖਰੀਦਿਆ। ਟੀਮ 'ਚ ਸ਼ਾਮਲ ਹੋਣ ਦੇ ਨਾਲ ਹੀ ਐਰੋਨ ਫਿੰਚ ਨੇ ਆਈਪੀਐੱਲ 'ਚ ਅਜੀਬ ਰਿਕਾਰਡ ਬਣਾ ਲਿਆ ਸੀ। ਉਹ ਇਸ ਟੂਰਨਾਮੈਂਟ ਵਿੱਚ ਹੁਣ ਤਕ ਸਭ ਤੋਂ ਵੱਧ 9 ਟੀਮਾਂ 'ਚ ਖੇਡਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਹਾਲਾਂਕਿ, ਤਿੰਨ ਟੀਮਾਂ ਹਨ ਜਿਨ੍ਹਾਂ ਲਈ ਐਰੋਨ ਫਿੰਚ ਅਜੇ ਤਕ ਨਹੀਂ ਖੇਡੇ ਹਨ।

ਇਨ੍ਹਾਂ 8 ਟੀਮਾਂ ਨਾਲ ਖੇਡ ਚੁੱਕੇ ਹਨ ਫਿੰਚ

ਐਰੋਨ ਫਿੰਚ ਨੂੰ 2022 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖੇਡਦੇ ਦੇਖਿਆ ਗਿਆ ਸੀ। ਇਹ ਉਨ੍ਹਾਂ ਦੀ 9ਵੀਂ ਟੀਮ ਸੀ। ਇਸ ਤੋਂ ਪਹਿਲਾਂ ਉਹ ਇਨ੍ਹਾਂ 8 ਟੀਮਾਂ ਨਾਲ ਖੇਡ ਚੁੱਕੇ ਹਨ। ਇਨ੍ਹਾਂ ਵਿੱਚ ਦਿੱਲੀ ਡੇਅਰਡੇਵਿਲਜ਼, (ਹੁਣ ਦਿੱਲੀ ਕੈਪੀਟਲਜ਼), ਗੁਜਰਾਤ ਲਾਇਨਜ਼, ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼), ਮੁੰਬਈ ਇੰਡੀਅਨਜ਼, ਪੁਣੇ ਵਾਰੀਅਰਜ਼, ਰਾਜਸਥਾਨ ਰਾਇਲਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਸਨਰਾਈਜ਼ਰਸ ਹੈਦਰਾਬਾਦ ਸ਼ਾਮਲ ਹਨ।

ਇਨ੍ਹਾਂ 3 ਟੀਮਾਂ ਨਾਲ ਅਜੇ ਤਕ ਨਹੀਂ ਖੇਡੇ ਐਰੋਨ ਫਿੰਚ

ਇਕ ਪਾਸੇ ਉਹ 9 ਟੀਮਾਂ ਨਾਲ ਖੇਡ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤਕ ਤਿੰਨ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨਾਲ ਫਿੰਚ ਨਹੀਂ ਖੇਡੇ ਹਨ। ਇਹ ਟੀਮਾਂ ਹਨ ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ। ਦੱਸ ਦੇਈਏ ਕਿ ਸਾਲ 2022 ਵਿੱਚ ਗੁਜਰਾਤ ਅਤੇ ਲਖਨਊ ਦੀਆਂ ਟੀਮਾਂ ਨੂੰ ਜੋੜਿਆ ਗਿਆ ਹੈ।

ਮਨੀਸ਼ ਪਾਂਡੇ ਤੇ ਉਨਾਦਕਟ ਵੀ ਹਨ ਪਿੱਛੇ

ਐਰੋਨ ਫਿੰਚ ਦੀ ਤਰ੍ਹਾਂ ਮਨੀਸ਼ ਪਾਂਡੇ ਤੇ ਉਨਾਦਕਟ ਵੀ ਇਕ ਫਰੈਂਚਾਇਜ਼ੀ 'ਚ ਟਿਕ ਨਹੀਂ ਸਕੇ ਹਨ। ਸ਼ਾਇਦ ਹੀ ਕੋਈ ਭਾਰਤੀ ਖਿਡਾਰੀ ਹੋਵੇ ਜਿਸ ਨੇ ਆਈਪੀਐਲ ਵਿੱਚ 6 ਤੋਂ ਵੱਧ ਫਰੈਂਚਾਇਜ਼ੀ ਬਦਲੀਆਂ ਹੋਣ ਪਰ ਮਨੀਸ਼ ਪਾਂਡੇ ਅਤੇ ਜੈਦੇਵ ਉਨਾਦਕਟ 7 ਟੀਮਾਂ ਲਈ ਖੇਡ ਚੁੱਕੇ ਹਨ। ਹਾਲਾਂਕਿ ਦੋਵੇਂ ਅਜੇ ਵੀ ਐਰੋਨ ਫਿੰਚ ਦੇ ਰਿਕਾਰਡ ਤੋਂ ਕਾਫੀ ਪਿੱਛੇ ਹਨ।

Posted By: Seema Anand