ਕ੍ਰਾਈਸਟਚਰਚ (ਪੀਟੀਆਈ) : ਆਸਟ੍ਰੇਲੀਆ ਦੇ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਐਤਵਾਰ ਨੂੰ ਸਵੀਕਾਰ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਪਿਛਲੇ ਦਿਨੀਂ ਹੋਈ ਨਿਲਾਮੀ ਵਿਚ ਉਨ੍ਹਾਂ ਦਾ ਨਾ ਚੁਣਿਆ ਜਾਣਾ ਹੈਰਾਨ ਕਰਨ ਵਾਲਾ ਨਹੀਂ ਸੀ ਪਰ ਕੁਝ ਸਮਾਂ ਘਰ ਵਿਚ ਬਿਤਾਉਣਾ ਮਾੜਾ ਨਹੀਂ ਹੋਵੇਗਾ। ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਖੇਡੇ ਗਏ ਆਈਪੀਐੱਲ 2020 ਵਿਚ ਫਿੰਚ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 22.3 ਦੀ ਔਸਤ ਨਾਲ ਦੌੜਾਂ ਬਣਾਈਆਂ। ਉਹ ਸਿਰਫ਼ ਇਕ ਵਾਰ 50 ਦੌੜਾਂ ਤੋਂ ਵੱਧ ਦਾ ਸਕੋਰ ਬਣਾ ਸਕੇ।

ਇਹੀ ਨਹੀਂ ਬਿਗ ਬੈਸ਼ ਲੀਗ (ਬੀਬੀਐੱਲ) ਵਿਚ ਵੀ ਉਹ ਅਸਰ ਨਹੀਂ ਛੱਡ ਸਕੇ। ਉਨ੍ਹਾਂ ਨੇ ਮੈਲਬੌਰਨ ਰੇਨੇਗੇਡਜ਼ ਵੱਲੋਂ 13 ਪਾਰੀਆਂ ਵਿਚ 13.76 ਦੀ ਔਸਤ ਨਾਲ 179 ਦੌੜਾਂ ਬਣਾਈਆਂ ਸਨ। ਫਿੰਚ ਨੇ ਕਿਹਾ ਕਿ ਫਿਰ ਤੋਂ ਖੇਡਣਾ ਚੰਗਾ ਹੁੰਦਾ। ਆਈਪੀਐੱਲ ਸ਼ਾਨਦਾਰ ਚੈਂਪੀਅਨਸ਼ਿਪ ਹੈ ਪਰ ਇਮਾਨਦਾਰੀ ਨਾਲ ਕਹਾਂ ਤਾਂ ਮੇਰਾ ਨਾ ਚੁਣਿਆ ਜਾਣਾ ਅਜੀਬ ਨਹੀਂ ਸੀ। ਮੈਂ ਕ੍ਰਿਕਟ ਖੇਡਣਾ ਪਸੰਦ ਕਰਦਾ ਪਰ ਘਰ ਵਿਚ ਕੁਝ ਸਮਾਂ ਬਿਤਾਉਣਾ ਮਾੜੀ ਗੱਲ ਨਹੀਂ ਹੈ ਖ਼ਾਸ ਕਰ ਕੇ ਅਗਸਤ ਤੋਂ ਸਾਡਾ ਰੁੱਿਝਆ ਪ੍ਰਰੋਗਰਾਮ ਹੈ ਜਦ ਅਸੀਂ ਬਰਤਾਨੀਆ ਲਈ ਰਵਾਨਾ ਹੋਵਾਂਗੇ।

ਕੁਝ ਸਮਾਂ ਕੁਆਰੰਟਾਈਨ 'ਤੇ ਰਹਾਂਗੇ ਤੇ ਬਾਇਓ ਬਬਲ ਵਾਤਾਵਰਣ ਵਿਚ ਕਾਫੀ ਸਮਾਂ ਬਿਤਾਵਾਂਗੇ। ਮੈਨੂੰ ਲਗਦਾ ਹੈ ਕਿ ਘਰ ਵਿਚ ਰਹਿ ਕੇ ਖ਼ੁਦ ਨੂੰ ਮੁੜ ਤਿਆਰ ਕਰਨਾ ਚੰਗਾ ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਮੇਰੀ ਪਤਨੀ ਯਕੀਨੀ ਤੌਰ 'ਤੇ ਇਸ ਨੂੰ ਲੈ ਕੇ ਉਤਸ਼ਾਹਿਤ ਹੋਵੇਗੀ।