ਆਨਲਾਈਨ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ ਭਾਵ ਪੀਸੀਬੀ ਨੂੰ ਇਕ ਤੋਂ ਬਾਅਦ ਇਕ ਝਟਕੇ ’ਤੇ ਝਟਕੇ ਲੱਗ ਰਹੇ ਹਨ। ਪਹਿਲਾਂ ਨਿਊਜ਼ੀਲੈਂੜ ਦੀ ਟੀਮ ਨੇ ਪਾਕਿਸਤਾਨ ਪਹੁੰਚਣ ਦੇ ਬਾਵਜ਼ੂਦ ਸੁਰੱਖਿਆ ਕਾਰਨਾਂ ਕਰਕੇ ਦੌਰਾ ਕੈਂਸਲ ਕਰ ਦਿੱਤਾ ਸੀ। ਬਾਅਦ ’ਚ ਇਕ ਸ਼ਾਰਟ ਸੀਰੀਜ਼ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਸ੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਆਪਣੇ ਦੇਸ਼ ਬੁਲਾਉਣਾ ਚਾਹਿਆ, ਪਰ ਉੱਥੋਂ ਵੀ ਪੀਸੀਬੀ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਹੁਣ ਇਸੇ ਕੜੀ ’ਚ ਇੰਗਲੈਂਟ ਐਂਡ ਵੇਲਸ ਕ੍ਰਿਕਟ ਬੋਰਡ ਭਾਵ ਈਸੀਬੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਤਕੜਾ ਝਟਕਾ ਦਿੱਤਾ ਹੈ।

ਦਰਅਸਲ, ਈਸੀਬੀ ਨੇ ਸਾਫ਼ ਕਰ ਦਿੱਤਾ ਹੈ ਕਿ ਇੰਗਲੈਂਡ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਅਕਤੂਬਰ ’ਚ ਪਾਕਿਸਤਾਨ ਦਾ ਦੌਰਾ ਕਰਨਾ ਸੀ, ਪਰ ਹੁਣ ਟੀਮ ਅਕਤੂਬਰ ’ਚ ਪਾਕਿਸਤਾਨ ਦੌਰੇ ’ਤੇ ਨਹੀਂ ਜਾਵੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਕਿਹਾ ਗਿਆ ਹੈ ਕਿ ਈਸੀਬੀ ਦੀ 2022 ’ਚ ਪੁਰਸ਼ਾਂ ਦੇ ਫਿਊਚਰ ਟੂਰਜ਼ ਪ੍ਰੋਗਰਾਮ ਦੇ ਹਿੱਸੇ ਦੇ ਰੂਪ ’ਚ ਪਾਕਿਸਤਾਨ ਦਾ ਦੌਰਾ ਕਰਨ ਦੀ ਇਕ ਲੰਮੀ ਵਚਨਬੱਧਤਾ ਹੈ। ਇਸ ਸਾਲ ਦੇ ਸ਼ੁਰੂ ’ਚ, ਅਸੀਂ ਅਕਤੂਬਰ ’ਚ ਪਾਕਿਸਤਾਨ ’ਚ ਦੋ ਵਾਧੂ ਟੀ20 ਮੈਚ ਟੀ20 ਵਿਸ਼ਵ ਕੱਖ ਅਭਿਆਸ ਦੇ ਰੂਪ ’ਚ ਖੇਡਣ ਲਈ ਸਹਿਮਤ ਹੋਏ ਸੀ, ਜਿਸ ’ਚ ਪੁਰਸ਼ਾਂ ਦੀਆਂ ਖੇਡਾਂ ਦੇ ਨਾਲ-ਨਾਲ ਮਹਿਲਾ ਟੀਮ ਨੇ ਵੀ ਪਾਕਿਸਤਾਨ ਦਾ ਇਕ ਛੋਟਾ ਦੌਰਾ ਕਰਨਾ ਸੀ।

ਬੋਰਡ ਨੇ ਅੱਗੇ ਕਿਹਾ ਕਿ ਈਸੀਬੀ ਬੋਰਡ ਨੇ ਪਾਕਿਸਤਾਨ ’ਚ ਵਾਧੂ ਮੈਚਾਂ ਲਈ ਇੰਗਲੈਂਡ ਮਹਿਲਾ ਅਤੇ ਪੁਰਸ਼ ਟੀਮ ਦੇ ਮੈਚਾਂ ’ਤੇ ਚਰਚਾ ਕੀਤੀ ਅਤੇ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬੋਰਡ ਨੇ ਅਕਤੂਬਰ ਦੀ ਯਾਤਰਾ ਤੋਂ ਦੋਵੇਂ ਟੀਮਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਸਾਡੇ ਖਿਡਾਰੀਆਂ ਅਤੇ ਸਹਿਯੋਗ ਸਟਾਫ਼ ਦੀ ਮਾਨਸਿਕ ਅਤੇ ਸਰੀਰਕ ਭਲਾਈ ਸਾਡੀ ਸਰਵਉੱਚ ਪਹਿਲ ਬਣੀ ਹੋਈ ਹੈ ਅਤੇ ਇਹ ਉਸ ਸਮੇਂ ਨੂੰ ਵੇਖਦੇ ਹੋਏ ਹੋਰ ਵੀ ਮਹੱਤਵਪੂਰਨ ਹੈ, ਜਿਸ ’ਚ ਅਸੀਂ ਵਰਤਮਾਨ ’ਚ ਰਹਿ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਇਸ ਖੇਤਰ ਦੀ ਯਾਤਰਾ ਬਾਰੇ ਚਿੰਤਾਵਾਂ ਵਧ ਰਹੀਆਂ ਹਨ ਅਤੇ ਵਿਸ਼ਵਾਸ ਹੈ ਕਿ ਅੱਗੇ ਵਧਣ ਨਾਲ ਇਨ੍ਹਾਂ ’ਚ ਵਾਧਾ ਹੋਵੇਗਾ। ਇਕ ਖੇਡ ਸਮੂਹ ’ਤੇ ਹੋਰ ਦਬਾਅ ਹੈ, ਕਿਉਂਕਿ ਅਸੀਂ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ ਕੋਵਿਡ ਵਾਤਾਵਰਨ ’ਚ ਸੰਚਾਲਨ ਦੇ ਲੰਮੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ।

ਬੋਰਡ ਨੇ ਇਹ ਵੀ ਕਿਹਾ ਕਿ ਸਾਡੀ ਪੁਰਸ਼ ਟੀ20 ਟੀਮ ਲਈ ਵਧੇਰੇ ਮੁਸ਼ਕਲ ਹੈ। ਸਾਡਾ ਮੰਨਣਾ ਹੈ ਕਿ ਇਨ੍ਹਾਂ ਹਾਲਾਤ ’ਚ ਦੌਰਾ ਕਰਨਾ ਆਈਸੀਸੀ ਮੇਨਜ਼ ਟੀ20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਦਰਸ਼ ਨਹੀਂ ਹੋਵੇਗਾ, ਜਿੱਥੇ ਚੰਗਾ ਪ੍ਰਦਰਸ਼ਨ ਕਰਨਾ 2021 ਲਈ ਸਰਵਉੱਚ ਪਹਿਲ ਹੈ। ਅਸੀਂ ਸਮਝਦੇ ਹਾਂ ਕਿ ਇਹ ਫ਼ੈਸਲਾ ਪੀਸੀਬੀ ਲਈ ਇਕ ਮਹੱਤਵਪੂਰਨ ਨਿਰਾਸ਼ਾ ਹੋਵੇਗੀ, ਜਿਨ੍ਹਾਂ ਨੇ ਆਪਣੇ ਦੇਸ਼ ’ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਦੀ ਮੇਜ਼ਬਾਨੀ ਲਈ ਅਣਥੱਕ ਯਤਨ ਕੀਤੇ ਹਨ। ਪਿਛਲੀਆਂ ਦੋ ਗਰਮੀਆਂ ’ਚ ਅੰਗਰੇਜ਼ੀ ਅਤੇ ਵੇਲਜ਼ ਕ੍ਰਿਕਟ ਦਾ ਉਨ੍ਹਾਂ ਦਾ ਸਮਰੱਥਨ ਦੋਸਤੀ ਦਾ ਇਕ ਵੱਡਾ ਪ੍ਰਦਰਸ਼ਨ ਰਿਹਾ ਹੈ। ਅਸੀਂ ਪਾਕਿਸਤਾਨ ’ਚ ਕ੍ਰਿਕਟ ’ਤੇ ਪੈਣ ਵਾਲੇ ਪ੍ਰਭਾਵ ਲਈ ਇਮਾਨਦਾਰੀ ਨਾਲ ਦੁੱਖ ਪ੍ਰਗਟ ਕਰਦੇ ਹਾਂ ਅਤੇ 2022 ਲਈ ਸਾਡੀਆਂ ਮੁੱਖ ਯਾਤਰਾ ਯੋਜਨਾਵਾਂ ਲਈ ਵਚਨਬੱਧਤਾ ’ਤੇ ਜ਼ੋਰ ਦਿੰਦੇ ਹਾਂ।

Posted By: Jagjit Singh