ਆਬੂਧਾਬੀ (ਪੀਟੀਆਈ) : ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਸ ਵਾਰ ਹਰ ਤਰ੍ਹਾਂ ਦੇ ਹਾਲਾਤ ਲਈ ਇਕ ਰਣਨੀਤੀ ਤਿਆਰ ਕਰ ਕੇ ਰੱਖੀ ਹੈ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕੇਕੇਆਰ ਖ਼ਿਲਾਫ਼ ਵਾਸ਼ਿੰਗਟਨ ਸੁੰਦਰ ਦੀ ਥਾਂ ਮੁਹੰਮਦ ਸਿਰਾਜ ਨੂੰ ਨਵੀਂ ਗੇਂਦ ਸੌਂਪੀ।

ਕੋਹਲੀ ਦੀ ਇਹ ਰਣਨੀਤੀ ਕਾਰਗਰ ਸਾਬਤ ਹੋਈ। ਕੋਹਲੀ ਨੇ ਕਿਹਾ ਕਿ ਮੈਂ ਸੁੰਦਰ ਨੂੰ ਨਵੀਂ ਗੇਂਦ ਦੇਣ ਦੀ ਸੋਚ ਰਿਹਾ ਸੀ। ਟਾਸ ਗੁਆਉਣਾ ਚੰਗਾ ਰਿਹਾ ਕਿਉਂਕਿ ਅਸੀਂ ਵੀ ਪਹਿਲਾਂ ਬੱਲੇਬਾਜ਼ੀ ਕਰਦੇ। ਸਾਡੀ ਰਣਨੀਤੀ ਸੁੰਦਰ ਤੇ ਮੌਰਿਸ ਤੋਂ ਗੇਂਦਬਾਜ਼ੀ ਦੀ ਸ਼ੁਰੂਆਤ ਕਰਵਾਉਣਾ ਸੀ ਪਰ ਤਦ ਅਸੀਂ ਮੌਰਿਸ ਤੇ ਸਿਰਾਜ ਨੂੰ ਨਵੀਂ ਗੇਂਦ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਟੀਮ ਮੈਨੇਜਮੈਂਟ ਦੀ ਚੰਗੀ ਰਣਨੀਤੀ ਹੁੰਦੀ ਹੈ।

ਸਾਡੇ ਕੋਲ ਪਲਾਨ ਏ, ਪਲਾਨ ਬੀ ਤੇ ਪਲਾਨ ਸੀ ਹੁੰਦਾ ਹੈ। ਸਾਨੂੰ ਇਸ ਰਣਨੀਤੀ 'ਤੇ ਅਮਲ ਕਰਨਾ ਪੈਂਦਾ ਹੈ। ਅਸੀਂ ਨਿਲਾਮੀ ਵਿਚ ਵੀ ਕੁਝ ਚੀਜ਼ਾਂ ਕੀਤੀਆਂ ਸਨ ਜਿਸ ਦਾ ਫ਼ਾਇਦਾ ਮਿਲ ਰਿਹਾ ਹੈ। ਤੁਹਾਡੇ ਕੋਲ ਸਾਰੀਆਂ ਯੋਜਨਾਵਾਂ ਹੁੰਦੀਆਂ ਹਨ ਪਰ ਤੁਹਾਨੂੰ ਆਪਣੇ ਖਿਡਾਰੀਆਂ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ।

ਮੈਂ ਨਵੀਂ ਗੇਂਦ ਨਾਲ ਕਾਫੀ ਅਭਿਆਸ ਕਰ ਰਿਹਾ ਸੀ। ਅਸੀਂ ਇਸ ਗੱਲ ਦੀ ਯੋਜਨਾ ਨਹੀਂ ਬਣਾਈ ਸੀ ਕਿ ਮੈਂ ਨਵੀਂ ਗੇਂਦ ਸੁੱਟਾਂਗਾ ਪਰ ਜਦ ਅਸੀਂ ਮੈਦਾਨ 'ਤੇ ਗਏ ਤਾਂ ਵਿਰਾਟ ਨੇ ਕਿਹਾ ਕਿ ਮੀਆਂ ਰੈਡੀ ਹੋ ਜਾਓ। ਵਿਰਾਟ ਭਰਾ ਵੱਲੋਂ ਨਵੀਂ ਗੇਂਦ ਦੇਣ ਨਾਲ ਮੈਨੂੰ ਆਤਮਵਿਸ਼ਵਾਸ ਮਿਲਿਆ। ਆਰਸੀਬੀ ਵਿਚ ਮੇਰਾ ਹਰ ਕੋਈ ਸਮਰਥਨ ਕਰਦਾ ਹੈ ਤੇ ਪ੍ਰਸ਼ੰਸਕ ਵੀ। ਮੈਂ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।

-ਮੁਹੰਮਦ ਸਿਰਾਜ, ਗੇਂਦਬਾਜ਼, ਆਰਸੀਬੀ

ਸਾਨੂੰ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਸੀ। ਮੈਨੂੰ ਲਗਦਾ ਹੈ ਕਿ ਹਾਰ ਦੀ ਸ਼ੁਰੂਆਤ ਬੱਲੇਬਾਜ਼ੀ ਨਾਲ ਹੋਈ। ਅਸੀਂ ਜਿੰਨੀ ਜਲਦੀ ਆਪਣੀਆਂ ਚਾਰ-ਪੰਜ ਵਿਕਟਾਂ ਗੁਆ ਦਿੱਤੀਆਂ ਉਹ ਨਿਰਾਸ਼ਾਜਨਕ ਸੀ। ਆਰਸੀਬੀ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਖੇਡ ਸਕਦੇ ਸੀ ਤੇ ਤਰੇਲ ਦੇ ਹੁੰਦਿਆਂ ਸਾਨੂੰ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਸੀ।

-ਇਆਨ ਮਾਰਗਨ, ਕਪਤਾਨ, ਕੇਕੇਆਰ