ਆਬੂਧਾਬੀ (ਪੀਟੀਆਈ) : ਸ਼ਾਨਦਾਰ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਨੂੰ ਦੇਰ ਨਾਲ ਮੌਕਾ ਦੇਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੀ ਟੀਮ ਨੇ ਲੈਅ ਹਾਸਲ ਕਰ ਲਈ ਹੈ ਤੇ ਉਹ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੁਕਾਬਲੇ ਵਿਚ ਸਿਤਾਰਿਆਂ ਨਾਲ ਸਜੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਪਹਿਲੇ ਗੇੜ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਉਤਰੇਗੀ। ਵਿਸ਼ਵ ਕੱਪ ਦੇ ਉੱਪ ਜੇਤੂ ਨਿਊਜ਼ੀਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਫਰਗਿਊਸਨ ਦੀ ਯੋਗਤਾ ਨੂੰ ਪਛਾਨਣ ਲਈ ਨਾਈਟਰਾਈਡਰਜ਼ ਨੂੰ ਨੌਂ ਮੈਚ ਲੱਗੇ ਤੇ ਇਸ ਲਈ ਕਪਤਾਨੀ ਵਿਚ ਤਬਦੀਲੀ ਦੀ ਵੀ ਲੋੜ ਪਈ। ਇਆਨ ਮਾਰਗਨ ਨੇ ਆਖ਼ਰ ਫਰਗਿਊਸਨ ਨੂੰ ਮੌਕਾ ਦਿੱਤਾ ਤੇ ਉਨ੍ਹਾਂ ਨੇ ਆਪਣੀ ਤੇਜ਼ੀ ਤੇ ਵਖਰੇਵੇਂ ਨਾਲ ਸਨਰਾਈਜਰਜ਼ ਹੈਦਰਾਬਾਦ ਨੂੰ ਹਰਾ ਦਿੱਤਾ। ਪਿਛਲੇ ਸੈਸ਼ਨ ਵਿਚ ਕੇਕੇਆਰ ਵੱਲੋਂ ਪੰਜ ਮੈਚਾਂ ਵਿਚ ਸਿਰਫ਼ ਦੋ ਵਿਕਟਾਂ ਹਾਸਲ ਕਰਨ ਵਾਲੇ ਫਰਗਿਊਸਨ ਨੇ ਸੈਸ਼ਨ ਦੀ ਆਪਣੀ ਪਹਿਲੀ ਹੀ ਗੇਂਦ 'ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਊਟ ਕੀਤਾ ਤੇ ਫਿਰ ਆਪਣੀਆਂ ਤੇਜ਼ ਤੇ ਹੌਲੀ ਗੇਂਦਾਂ ਦੇ ਵਖਰੇਵੇਂ ਨਾਲ ਸਾਰੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਦੂਜੇ ਪਾਸੇ ਆਰਸੀਬੀ ਟੀਮ ਕੇਕੇਆਰ ਤੋਂ ਦੋ ਅੰਕ ਅੱਗੇ ਹੈ। ਉਸ ਨੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਡਿਵਿਲੀਅਰਜ਼ ਸ਼ਾਨਦਾਰ ਲੈਅ ਵਿਚ ਚੱਲ ਰਹੇ ਹਨ ਤੇ ਰਾਇਲਜ਼ ਖ਼ਿਲਾਫ਼ 22 ਗੇਂਦਾਂ ਵਿਚ ਅਜੇਤੂ 55 ਦੌੜਾਂ ਦੀ ਪਾਰੀ ਖੇਡ ਕੇ ਉਨ੍ਹਾਂ ਨੇ ਇਕੱਲੇ ਦਮ 'ਤੇ ਟੀਮ ਨੂੰ ਜਿੱਤ ਦਿਵਾਈ। ਕਪਤਾਨ ਕੋਹਲੀ ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣਾ ਚਾਹੁਣਗੇ ਜਿਸ ਨਾਲ ਟੀਮ ਦੀਆਂ ਪਲੇਆਫ ਵਿਚ ਜਾਣ ਦੀਆਂ ਉਮੀਦਾਂ ਵਧ ਜਾਣਗੀਆਂ।

ਟੀਮਾਂ 'ਚ ਸ਼ਾਮਲ ਖਿਡਾਰੀ

ਕੋਲਕਾਤਾ ਨਾਈਟਰਾਈਡਰਜ਼ :

ਇਆਨ ਮਾਰਗਨ (ਕਪਤਾਨ), ਸ਼ੁਭਮਨ ਗਿੱਲ, ਨਿਤਿਸ਼ ਰਾਣਾ, ਰਾਹੁਲ ਤਿ੍ਪਾਠੀ, ਦਿਨੇਸ਼ ਕਾਰਤਿਕ, ਆਂਦਰੇ ਰਸੇਲ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਵਰੁਣ ਚੱਕਰਵਰਤੀ, ਸੁਨੀਲ ਨਰੇਨ, ਟਾਮ ਬੇਂਟਨ, ਸਿੱਧੇਸ਼ ਲਾਡ, ਕਮਲੇਸ਼ ਨਾਗਰਕੋਟੀ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਰਿੰਕੂ ਸਿੰਘ, ਕ੍ਰਿਸ ਗ੍ਰੀਨ, ਐੱਮ ਸਿਧਾਰਥ ਤੇ ਨਿਖਿਲ ਨਾਇਕ।

ਰਾਇਲ ਚੈਲੰਜਰਜ਼ ਬੈਂਗਲੁਰੂ :

ਵਿਰਾਟ ਕੋਹਲੀ (ਕਪਤਾਨ), ਏਬੀ ਡਿਵਿਲੀਅਰਜ਼, ਪਾਰਥਿਵ ਪਟੇਲ, ਆਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡੀਕਲ, ਯੁਜਵਿੰਦਰ ਸਿੰਘ ਚਹਿਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਇਸੁਰੂ ਉਦਾਨਾ, ਸ਼ਿਵਮ ਦੂਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ ਤੇ ਐਡਮ ਜ਼ਾਂਪਾ।