ਨਵੀਂ ਦਿੱਲੀ (ਆਈਏਐੱਨਐੱਸ) : ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਆਫ ਸਪਿੰਨਰ ਸੁਨੀਲ ਨਰੇਨ ਦੀ ਇਕ ਵਾਰ ਮੁੜ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਸ਼ਿਕਾਇਤ ਹੋਈ ਹੈ। ਨਰੇਨ ਨੂੰ ਹਾਲਾਂਕਿ ਇਸ ਮਾਮਲੇ ਵਿਚ ਰਾਹਤ ਮਿਲੀ ਹੈ ਕਿਉਂਕਿ ਹੁਣ 3ਡੀ ਬਾਇਓਮਕੈਨਿਕਲ ਸਕ੍ਰੀਨਿੰਗ ਟੈਸਟ ਦੇਣ ਦੀ ਬਜਾਏ ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਦੇ ਵੀਡੀਓ ਫੁਟੇਜ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਪਵੇਗੀ। ਨਰੇਨ ਨੂੰ ਹਾਲਾਂਕਿ ਟੂਰਨਾਮੈਂਟ ਵਿਚ ਆਪਣੀ ਗੇਂਦਬਾਜ਼ੀ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਨਰੇਨ ਦੇ ਗੇਂਦਬਾਜ਼ੀ ਐਕਸ਼ਨ ਖ਼ਿਲਾਫ਼ ਜੇ ਇਕ ਹੋਰ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ 'ਤੇ ਆਈਪੀਐੱਲ-2020 ਵਿਚ ਗੇਂਦਬਾਜ਼ੀ ਕਰਨ 'ਤੇ ਪਾਬੰਦੀ ਲਾ ਦਿੱਤੀ ਜਾਵੇਗੀ ਤੇ ਉਹ ਤਦ ਤਕ ਗੇਂਦਬਾਜ਼ੀ ਨਹੀਂ ਕਰ ਸਕਣਗੇ ਜਦ ਤਕ ਬੀਸੀਸੀਆਈ ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਨਜ਼ੂਰੀ ਨਾ ਦੇ ਦੇਵੇ।

ਹਾਲਾਂਕਿ ਆਈਪੀਐੱਲ ਵਿਚ ਫ਼ਿਲਹਾਲ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਮੇਟੀ ਨਹੀਂ ਹੈ। ਬੀਸੀਸੀਆਈ ਨੇ ਕੋਵਿਡ-19 ਕਾਰਨ 3ਡੀ ਬਾਇਓਮਕੈਨਿਕਲ ਟੈਸਟ ਦੀ ਲੋੜ ਨੂੰ ਸਮਾਪਤ ਕਰ ਦਿੱਤਾ ਹੈ। ਆਈਪੀਐੱਲ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੀਤੀ 2020 ਮੁਤਾਬਕ ਨਰੇਨ ਦੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਹੋ ਸਕਦੀ ਹੈ।

ਕਲਾਜ 4.2 ਦੇ ਮੁਤਾਬਕ ਕਿਸੇ ਵੀ ਖਿਡਾਰੀ ਦੇ ਅਧਿਕਾਰਕ ਮੁਲਾਂਕਣ ਦੀ ਬੇਨਤੀ ਤੋਂ ਪਹਿਲਾਂ ਉਸ ਨੂੰ ਆਪਣੀ ਗੇਂਦਬਾਜ਼ੀ ਐਕਸ਼ਨ ਦੇ 3ਡੀ ਬਾਇਓਮਕੈਨਿਕਲ ਟੈਸਟ ਲਈ ਆਈਸੀਸੀ ਤੋਂ ਮਾਨਤਾ ਹਾਸਲ ਕ੍ਰਿਕਟ ਕੇਂਦਰਾਂ ਵਿਚ ਜਾਣ ਦੀ ਲੋੜ ਪੈਂਦੀ ਹੈ।


ਮੈਨੂੰ ਲਗਦਾ ਹੈ ਕਿ ਜਦ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਤਾਂ ਆਖ਼ਰੀ ਚਾਰ ਓਵਰ ਖ਼ਰਾਬ ਰਹੇ, ਸਾਨੂੰ ਇਸ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਸੀ। ਅਸੀਂ ਸ਼ੁਰੂ ਵਿਚ ਦੌੜਾਂ ਦੇ ਰਹੇ ਹਾਂ ਜਾਂ ਆਖ਼ਰੀ ਚਾਰ ਓਵਰਾਂ ਵਿਚ। ਕਾਫੀ ਕਮੀਆਂ ਹ ਪਰ ਸਾਡੀ ਮੁੱਖ ਚਿੰਤਾ ਬੱਲੇਬਾਜ਼ੀ ਹੀ ਹੈ।

-ਮਹਿੰਦਰ ਸਿੰਘ ਧੋਨੀ, ਕਪਤਾਨ ਸੀਐੱਸਕੇ

ਇਹ ਦੌਰ ਹਰ ਖਿਡਾਰੀ ਦੇ ਕਰੀਅਰ ਵਿਚ ਆਉਣਾ ਜ਼ਰੂਰੀ ਹੈ। ਉਂਚਾਈ 'ਤੇ ਪੁੱਜਣ ਦਾ ਵੀ ਇਕ ਸਮਾਂ ਹੁੰਦਾ ਹੈ, ਉਸੇ ਤਰ੍ਹਾਂ ਹੇਠਾਂ ਉਤਰਨ ਦਾ ਵੀ ਇਕ ਸਮਾਂ ਹੁੰਦਾ ਹੈ। ਸਮੇਂ ਨਾਲ ਹਰ ਚੀਜ਼ ਬਦਲਦੀ ਹੈ। ਜੋ ਅੱਜ ਧੋਨੀ ਦੀ ਨਿੰਦਾ ਕਰ ਰਹੇ ਹਨ ਮੈਨੂੰ ਉਨ੍ਹਾਂ ਦੀ ਸੋਚ 'ਤੇ ਤਰਸ ਆਉਂਦਾ ਹੈ।

-ਸਈਅਦ ਕਿਰਮਾਨੀ, ਸਾਬਕਾ ਵਿਕਟਕੀਪਰ

ਇਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਕੁਝ ਕਰਨ ਦੀ ਸੋਚ ਰਿਹਾ ਸੀ। ਜੇ ਤੁਸੀਂ ਜ਼ਿੰਮੇਵਾਰੀਆਂ ਬਾਰੇ ਵੱਧ ਸੋਚੋਗੇ ਤਾਂ ਇਸ ਨਾਲ ਤੁਹਾਡੇ 'ਤੇ ਬੋਝ ਵਧ ਜਾਵੇਗਾ ਤੇ ਇਕ ਖਿਡਾਰੀ ਦੇ ਰੂਪ ਵਿਚ ਨਹੀਂ ਖੇਡ ਸਕੋਗੇ। ਅਸਲ ਵਿਚ ਮੈਨੂੰ ਮੁੰਬਈ ਖ਼ਿਲਾਫ਼ ਸੁਪਰ ਓਵਰ ਦੀ ਪਾਰੀ ਨਾਲ ਆਤਮਵਿਸ਼ਵਾਸ ਮਿਲਿਆ।

-ਵਿਰਾਟ ਕੋਹਲੀ, ਕਪਤਾਨ, ਆਰਸੀਬੀ