ਨਿਖਿਲ ਸ਼ਰਮਾ, ਨਵੀਂ ਦਿੱਲੀ : ਹੋ ਸਕਦਾ ਹੈ ਆਸਟ੍ਰੇਲੀਆ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਹਮਲਾਵਰ ਵਤੀਰੇ ਨੂੰ ਉਥੇ ਦੇ ਪ੍ਰਸ਼ੰਸਕ ਪਸੰਦ ਨਾ ਕਰਦੇ ਹੋਣ, ਹੋ ਸਕਦਾ ਹੈ ਕਿ ਕੋਹਲੀ ਦੇ ਤਿੰਨ ਟੈਸਟ ਵਿਚ ਮੌਜੂਦ ਨਾ ਰਹਿਣ ਨਾਲ ਆਸਟ੍ਰੇਲੀਆ ਦੀ ਸੀਰੀਜ਼ ਜਿੱਤਣ ਦੀ ਦਾਅਵੇਦਾਰੀ ਵਧ ਗਈ ਹੋਵੇ ਪਰ ਜ਼ਾਹਿਰ ਤੌਰ 'ਤੇ ਭਾਰਤੀ ਕਪਤਾਨ ਦੇ ਹਮਲਾਵਰ ਵਤੀਰੇ ਦੀ ਘਾਟ ਆਖ਼ਰੀ ਤਿੰਨ ਟੈਸਟ ਵਿਚ ਰੜਕੇਗੀ ਪਰ ਆਸਟ੍ਰੇਲੀਆ ਦੇ ਕਾਮਯਾਬ ਕਪਤਾਨਾਂ ਵਿਚੋਂ ਇਕ ਐਲਨ ਬਾਰਡਰ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟਰਾਂ ਦੇ ਉਚਾਈਆਂ ਤਕ ਪੁੱਜਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਹਮਲਾਵਰ ਵਤੀਰਾ ਹੈ। ਜਾਗਰਣ ਨਾਲ ਗੱਲਬਾਤ ਵਿਚ ਬਾਰਡਰ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕੋਹਲੀ ਦਾ ਹਮਲਾਵਰ ਵਤੀਰਾ ਪਸੰਦ ਹੈ। ਬਾਰਡਰ ਤੋਂ ਜਦ ਪੁੱਛਿਆ ਗਿਆ ਕਿ ਕੋਹਲੀ ਦੇ ਤਿੰਨ ਟੈਸਟ ਵਿਚ ਨਾ ਹੋਣ ਨਾਲ ਕੀ ਮੇਜ਼ਬਾਨ ਖਿਡਾਰੀਆਂ ਦੇ ਲਈ ਸਲੇਜਿੰਗ ਸੌਖੀ ਹੋ ਜਾਵੇਗੀ ਕਿਉਂਕਿ ਕੋਹਲੀ ਤੋਂ ਵੱਧ ਹਮਲਾਵਰ ਭਾਰਤੀ ਟੀਮ ਵਿਚ ਕੋਈ ਨਹੀਂ ਹੈ। ਬਾਰਡਰ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਮਾਫੀ ਮੰਗਣਾ ਚਾਹੁੰਦਾ ਜਿਸ ਤਰ੍ਹਾਂ ਦੀ ਅਸੀਂ ਕ੍ਰਿਕਟ ਖੇਡੀ ਹੈ, ਸਾਨੂੰ ਪਤਾ ਹੈ ਕਿ ਲੋਕਾਂ ਨੂੰ ਇਹ ਪਸੰਦ ਨਹੀਂ ਹੈ ਪਰ ਮੈਂ ਜਾਣਦਾ ਹਾਂ ਕਿ ਲੋਕ ਕੋਹਲੀ ਦੇ ਖੇਡਣ ਦਾ ਤਰੀਕਾ ਪਸੰਦ ਕਰਦੇ ਹਨ। ਕੋਹਲੀ ਸਮਝ ਗਏ ਹਨ ਕਿ ਹਮਲਾਵਰ ਹੋਣ ਨਾਲ ਹੀ ਕਾਮਯਾਬੀ ਮਿਲੇਗੀ। ਮੈਚ ਦੇ ਹਾਲਾਤ ਅਜਿਹੇ ਹੁੰਦੇ ਹਨ ਕਿ ਥੋੜ੍ਹੀ ਬਹੁਤ ਬਹਿਸ ਹੋ ਜਾਂਦੀ ਹੈ ਪਰ ਮੈਦਾਨ ਦੇ ਬਾਹਰ ਖਿਡਾਰੀ ਮਿਲਜੁਲ ਜਾਂਦੇ ਹਨ। ਮੈਨੂੰ ਦੋਵਾਂ ਟੀਮਾਂ ਦਾ ਹਮਲਾਵਰ ਹੋਣਾ ਪਸੰਦ ਹੈ। ਇਹ ਇਸ ਲੜਾਈ ਦਾ ਹਿੱਸਾ ਜੋ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਦੋਵੇਂ ਟੀਮਾਂ ਮੈਦਾਨ 'ਤੇ ਹਮਲਾਵਰ ਰਹਿਣ।