ਨਵੀਂ ਦਿੱਲੀ (ਜੇਐੱਨਐੱਨ) : ਆਸਟ੍ਰੇਲੀਆ ਨੇ ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਮਸੀਜੀ) 'ਤੇ ਖੇਡੇ ਗਏ ਦੂਜੇ ਵਨ ਡੇ ਮੈਚ ਵਿਚ ਸ਼ੁੱਕਰਵਾਰ ਦਾ ਰਿਪਲੇਅ ਦਿਖਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।

ਆਸਟ੍ਰੇਲੀਆ ਨੇ ਇਕ ਵਾਰ ਮੁੜ ਭਾਰਤੀ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਦੇ ਹੋਏ ਚਾਰ ਵਿਕਟਾਂ 'ਤੇ 389 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਤੇ ਫਿਰ ਭਾਰਤੀ ਟੀਮ ਨੂੰ ਨੌਂ ਵਿਕਟਾਂ 'ਤੇ 338 ਦੌੜਾਂ 'ਤੇ ਰੋਕ ਕੇ 51 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਪਿਛਲੇ ਮੈਚ ਵਿਚ ਭਾਰਤ ਖ਼ਿਲਾਫ਼ ਵਨ ਡੇ ਦਾ ਆਪਣਾ ਸਰਬੋਤਮ ਸਕੋਰ ਬਣਾਉਣ ਵਾਲੀ ਆਸਟ੍ਰੇਲਿਆਈ ਟੀਮ ਨੇ ਇਸ ਮੈਚ ਵਿਚ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ।

ਉਸ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਨੇ 50 ਤੋਂ ਵੱਧ ਦਾ ਸਕੋਰ ਬਣਾਇਆ। ਸਟੀਵ ਸਮਿਥ ਨੇ (104) ਨੇ ਸੈਂਕੜਾ ਲਾਇਆ ਤੇ ਡੇਵਿਡ ਵਾਰਨਰ (83), ਆਰੋਨ ਫਿੰਚ (60), ਮਾਨਰਸ ਲਾਬੂਸ਼ਾਨੇ (70) ਤੇ ਗਲੇਨ ਮੈਕਸਵੈਲ (ਅਜੇਤੂ 63) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਭਾਰਤੀ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਚਾ ਇੰਨਾ ਵੱਡਾ ਸੀ ਕਿ ਬੱਲੇਬਾਜ਼ਾਂ ਦੀ ਚੰਗੀ ਕੋਸ਼ਿਸ਼ ਟੀਮ ਨੂੰ ਉਥੇ ਤਕ ਨਾ ਪਹੁੰਚਾ ਸਕੀ। ਕਪਤਾਨ ਵਿਰਾਟ ਕੋਹਲੀ (89) ਦੀ ਜੁਝਾਰੀ ਪਾਰੀ ਤੋਂ ਇਲਾਵਾ ਭਾਰਤ ਲਈ ਲੋਕੇਸ਼ ਰਾਹੁਲ (76) ਨੇ ਅਰਧ ਸੈਂਕੜਾ ਲਾਇਆ। ਇਸ ਮੈਚ ਵਿਚ ਹਾਰਦਿਕ ਪਾਂਡਿਆ ਨੇ ਲਗਭਗ ਇਕ ਸਾਲ ਬਾਅਦ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਪੂਰੇ ਆਈਪੀਐੱਲ ਵਿਚ ਵੀ ਗੇਂਦਬਾਜ਼ੀ ਨਹੀਂ ਕੀਤੀ ਸੀ।