ਨਵੀਂ ਦਿੱਲੀ (ਪੀਟੀਆਈ) : ਸਾਬਕਾ ਭਾਰਤੀ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਕੋਲ ਤਿੰਨਾਂ ਫਾਰਮੈਟਾਂ ਵਿਚ ਆਸਟ੍ਰੇਲੀਆ ਨੂੰ ਹਰਾਉਣ ਦਾ ਬਹੁਤ ਚੰਗਾ ਮੌਕਾ ਹੈ। ਭਾਰਤ ਨੇ ਪਿਛਲੀ ਵਾਰ ਜਦ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ ਤਾਂ ਉਸ ਨੇ 12 ਕੋਸ਼ਿਸ਼ਾਂ ਤੋਂ ਬਾਅਦ 71 ਸਾਲ ਬਾਅਦ ਆਸਟ੍ਰੇਲੀਆ ਦੀ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤੀ ਸੀ। ਲਕਸ਼ਮਣ ਨੇ ਕਿਹਾ ਕਿ ਜਿਸ ਤਰ੍ਹਾਂ ਦੌਰੇ ਦੇ ਪ੍ਰਰੋਗਰਾਮ ਦੀ ਯੋਜਨਾ ਬਣਾਈ ਗਈ ਹੈ, ਉਹ ਚੰਗੀ ਹੈ। ਇਹ ਭਾਰਤ ਦੇ ਪੱਖ ਵਿਚ ਹੈ ਹਾਲਾਂਕਿ ਆਈਪੀਐੱਲ ਦਾ ਇਸ ਸੀਰੀਜ਼ 'ਤੇ ਕੋਈ ਅਸਰ ਨਹੀਂ ਪਵੇਗਾ। ਲਕਸ਼ਮਣ ਨੇ ਕਿਹਾ ਕਿ ਆਈਪੀਐੱਲ ਕਿਸੇ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਤੋਂ ਵੱਖ ਹੈ। ਕਾਰਜਭਾਰ ਇਕ ਮੁੱਦਾ ਹੋ ਸਕਦਾ ਹੈ ਪਰ ਮੈਨੂੰ ਲਗਦਾ ਹੈ ਕਿ ਇਸ ਦਾ ਅਸਰ ਖਿਡਾਰੀਆਂ 'ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਆਈਪੀਐੱਲ ਫਾਈਨਲ ਤੇ 27 ਨਵੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਵਨ ਡੇ ਵਿਚਾਲੇ 16 ਦਿਨਾਂ ਦਾ ਲੰਬਾ ਵਕਫ਼ਾ ਹੋ ਗਿਆ ਹੈ। ਮੈਨੂੰ ਯਕੀਨ ਹੈ ਕਿ ਸਾਰੇ ਖਿਡਾਰੀ ਚੰਗੀ ਤਰ੍ਹਾਂ ਤਰੋਤਾਜ਼ਾ ਹੋ ਗਏ ਹੋਣਗੇ।