ਚੇਨਈ (ਪੀਟੀਆਈ) : ਬਤੌਰ ਨੈੱਟ ਗੇਂਦਬਾਜ਼ ਆਸਟ੍ਰੇਲੀਆ ਗਏ ਗੇਂਦਬਾਜ਼ ਥਾਂਗਰਾਸੂ ਨਟਰਾਜਨ ਨੇ ਸਾਰੇ ਤਿੰਨਾਂ ਫਾਰਮੈਟਾਂ ਵਿਚ ਸ਼ੁਰੂਆਤ ਕਰ ਕੇ ਇਤਿਹਾਸ ਬਣਾ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਕਾ ਮਿਲਣ ਦੀ ਉਮੀਦ ਨਹੀਂ ਸੀ ਜਿਸ ਨਾਲ ਭਾਰਤ ਲਈ ਪਹਿਲਾ ਮੈਚ ਖੇਡਦੇ ਸਮੇਂ ਉਹ ਦਬਾਅ ਵਿਚ ਸਨ। ਉਹ ਇਕ ਹੀ ਦੌਰੇ 'ਤੇ ਸਾਰੇ ਤਿੰਨਾਂ ਫਾਰਮੈਟਾਂ ਵਿਚ ਟੀਮ ਲਈ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਇੱਕੋ ਇਕ ਖਿਡਾਰੀ ਬਣ ਗਏ। 29 ਸਾਲ ਦੇ ਖਿਡਾਰੀ ਨੇ ਦੋ ਦਸੰਬਰ ਨੂੰ ਕੈਨਬਰਾ ਵਿਚ ਤੀਜੇ ਵਨ ਡੇ ਵਿਚ ਭਾਰਤ ਲਈ ਸ਼ੁਰੂਆਤ ਕੀਤੀ ਸੀ।

ਨਟਰਾਜਨ ਨੇ ਕਿਹਾ ਕਿ ਮੈਂ ਆਪਣਾ ਕੰਮ ਕਰਨ ਲਈ ਵਚਨਬੱਧ ਸੀ। ਮੈਨੂੰ ਵਨ ਡੇ ਵਿਚ ਮੌਕਾ ਮਿਲਣ ਦੀ ਉਮੀਦ ਨਹੀਂ ਸੀ। ਜਦ ਮੈਨੂੰ ਦੱਸਿਆ ਗਿਆ ਕਿ ਮੈਂ ਇਸ ਵਿਚ ਖੇਡਾਂਗਾ ਤਾਂ ਮੈਂ ਦਬਾਅ ਵਿਚ ਸੀ। ਮੈਂ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਖੇਡਣਾ ਤੇ ਇਕ ਵਿਕਟ ਲੈਣਾ ਸੁਪਨੇ ਵਾਂਗ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਆਪਣੀ ਟੈਸਟ ਸ਼ੁਰੂਆਤ ਗਾਬਾ ਵਿਚ ਚੌਥੇ ਤੇ ਆਖ਼ਰੀ ਮੈਚ ਵਿਚ ਕੀਤੀ ਜਿਸ ਵਿਚ ਭਾਰਤ ਨੇ ਜਿੱਤ ਹਾਸਲ ਕਰ ਕੇ ਆਸਟ੍ਰੇਲੀਆ ਖ਼ਿਲਾਫ਼ ਇਤਿਹਾਸਕ ਸੀਰੀਜ਼ ਆਪਣੇ ਨਾਂ ਕੀਤੀ। ਨਟਰਾਜਨ ਨੇ ਇਸ ਮੈਚ ਵਿਚ ਤਿੰਨ ਵਿਕਟਾਂ ਲਈਆਂ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਸੁਪਨਾ ਸੱਚ ਹੋਣਾ ਸੀ। ਨਟਰਾਜਨ ਨੇ ਕਿਹਾ ਕਿ ਭਾਰਤ ਲਈ ਖੇਡਣ ਤੋਂ ਬਾਅਦ ਮੈਂ ਆਪਣੀ ਖ਼ੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਇਹ ਸੁਪਨੇ ਵਾਂਗ ਸੀ। ਮੈਨੂੰ ਕੋਚਾਂ ਤੇ ਖਿਡਾਰੀਆਂ ਤੋਂ ਵੀ ਕਾਫੀ ਸਹਿਯੋਗ ਮਿਲਿਆ। ਉਨ੍ਹਾਂ ਨੇ ਮੇਰਾ ਸਮਰਥਨ ਕੀਤਾ ਤੇ ਮੈਨੂੰ ਕਾਫੀ ਉਤਸ਼ਾਹਿਤ ਕੀਤਾ। ਮੈਂ ਉਨ੍ਹਾਂ ਦੇ ਸਮਰਥਨ ਕਾਰਨ ਚੰਗਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ।

ਵਿਰਾਟ ਤੇ ਅਜਿੰਕੇ ਦੀ ਕਪਤਾਨੀ 'ਚ ਖੇਡਣਾ ਚੰਗਾ ਲੱਗਾ

ਨਟਰਾਜਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਦੀ ਕਪਤਾਨੀ ਵਿਚ ਖੇਡਣਾ ਕਾਫੀ ਚੰਗਾ ਲੱਗਾ ਕਿਉਂਕਿ ਉਨ੍ਹਾਂ ਨੇ ਕਾਫੀ ਉਤਸ਼ਾਹਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਹਲੀ ਤੇ ਰਹਾਣੇ ਨੇ ਮੈਨੂੰ ਚੰਗੀ ਤਰ੍ਹਾਂ ਸੰਭਾਲਿਆ। ਉਨ੍ਹਾਂ ਨੇ ਮੈਨੂੰ ਕਾਫੀ ਸਕਾਰਾਤਮਕ ਚੀਜ਼ਾਂ ਕਹੀਆਂ ਤੇ ਮੈਨੂੰ ਪ੍ਰਰੇਰਿਤ ਕੀਤਾ। ਮੈਨੂੰ ਦੋਵਾਂ ਦੀ ਕਪਤਾਨੀ ਵਿਚ ਖੇਡਣਾ ਚੰਗਾ ਲੱਗਾ।