ਸਿਡਨੀ (ਪੀਟੀਆਈ) : ਰੋਹਿਤ ਸ਼ਰਮਾ ਦੇ ਅਰਧ-ਸੈਂਕੜੇ ਦੇ ਬਾਵਜੂਦ ਆਸਟ੍ਰੇਲੀਆ ਤੋਂ ਮਿਲੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਤੀਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਇੱਥੇ ਸਿਡਨੀ ਕ੍ਰਿਕਟ ਮੈਦਾਨ 'ਤੇ 98 ਦੌੜਾਂ ਤਕ ਦੋ ਵਿਕਟਾਂ ਗੁਆ ਕੇ ਮੁਸ਼ਕਲਾਂ 'ਚ ਘਿਰ ਗਿਆ। ਦਿਨ ਦੀ ਖੇਡ ਖ਼ਤਮ ਹੋਣ ਤਕ ਕਪਤਾਨ ਅਜਿੰਕੇ ਰਹਾਣੇ (ਅਜੇਤੂ 04) ਤੇ ਚੇਤੇਸ਼ਵਰ ਪੁਜਾਰਾ (ਅਜੇਤੂ 09) ਕ੍ਰੀਜ਼ 'ਤੇ ਡਟੇ ਹੋਏ ਹਨ। ਭਾਰਤ ਨੇ ਦੂਸਰੀ ਪਾਰੀ 'ਚ ਰੋਹਿਤ (52 ਦੌੜਾਂ) ਤੇ ਸ਼ੁੱਭਮਨ ਗਿੱਲ (31 ਦੌੜਾਂ) ਦੀਆਂ ਵਿਕਟਾਂ ਗੁਆਈਆਂ। ਭਾਰਤੀ ਟੀਮ ਨੂੰ ਮੈਚ ਦੇ ਆਖ਼ਰੀ ਦਿਨ ਜਿੱਤ ਲਈ 309 ਦੌੜਾਂ ਦੀ ਜ਼ਰੂਰਤ ਹੈ ਜਦੋਂ ਕਿ ਉਸ ਦੀਆਂ ਅੱਠ ਵਿਕਟਾਂ ਬਾਕੀ ਹਨ। ਸਿਡਨੀ ਦੇ ਪਿਚ 'ਤੇ ਹਾਲਾਂਕਿ ਹਾਰ ਤੋਂ ਬਚਣਾ ਭਾਰਤ ਲਈ ਸੌਖਾ ਨਹੀਂ ਹੋਵੇਗਾ ਕਿਉਂਕਿ ਉਸ ਦੇ ਦੋ ਖਿਡਾਰੀ ਰਵਿੰਦਰ ਜਡੇਜਾ ਤੇ ਰਿਸ਼ਭ ਪੰਤ ਜ਼ਖ਼ਮੀ ਹਨ।

ਆਸਟ੍ਰੇਲੀਆ ਦੀ ਦੂਸਰੀ ਪਾਰੀ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਕ ਵਾਰ ਫਿਰ ਆਸਟ੍ਰੇਲਿਆਈ ਪ੍ਰਸ਼ੰਸਕਾਂ ਦੀ ਭੱਦੀ ਭਾਸ਼ਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ 10 ਮਿੰਟ ਤਕ ਖੇਡ ਰੁਕਿਆ ਰਿਹਾ। ਉਧਰ ਆਸਟ੍ਰੇਲੀਆ ਨੇ ਕੈਮਰਨ ਗ੍ਰੀਨ (84 ਦੌੜਾਂ) ਦੇ ਤੇਜ਼ ਅਰਧ ਸੈਂਕੜੇ ਤੋਂ ਇਲਵਾ ਸਟੀਵ ਸਮਿਥ (81) ਦੌੜਾਂ ਤੇ ਮਾਰਨਸ ਲਾਬੁਸ਼ਾਨੇ (73 ਦੌੜਾਂ) ਦੇ ਅਰਧ-ਸੈਂਕੜਿਆਂ ਨਾਲ ਛੇ ਵਿਕਟਾਂ 'ਤੇ 312 ਦੌੜਾਂ ਬਣਾਉਣ ਤੋਂ ਬਾਅਦ ਦੂਸਰੀ ਪਾਰੀ ਐਲਾਨੀ। ਕਪਤਾਨ ਟਿਮ ਪੇਨ ਨੇ ਵੀ 39 ਦੌੜਾਂ ਤੇ ਗ੍ਰੀਨ ਨਾਲ ਛੇਵੇਂ ਵਿਕਟ ਲਈ 20 ਤੋਂ ਘੱਟ ਓਵਰਾਂ 'ਚ 104 ਦੌੜਾਂ ਜੋੜੀਆਂ।

ਜ਼ਖ਼ਮੀ ਜਡੇਜਾ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ 'ਚੋਂ ਬਾਹਰ

ਸਿਡਨੀ (ਪੀਟੀਆਈ) : ਆਸਟ੍ਰੇਲੀਆ ਖ਼ਿਲਾਫ਼ ਜਾਰੀ ਤੀਸਰੇ ਟੈਸਟ ਮੈਚ ਦੌਰਾਨ ਸ਼ਨਿਚਰਵਾਰ ਨੂੰ ਅੰਗੂਠੇ 'ਚ ਸੱਟ ਲੱਗਣ ਤੋਂ ਬਾਅਦ ਫ੍ਰੈਕਚਰ ਤੇ ਡਿਸਲੋਕੇਸ਼ਨ ਦਾ ਸਾਹਮਣਾ ਕਰਨ ਵਾਲੇ ਭਾਰਤੀ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਇੰਗਲੈਂਡ ਖ਼ਿਲਾਫ਼ ਆਗਾਮੀ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਭਾਰਤ ਦੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਦੌਰਾਨ ਮਿਸ਼ੇਲ ਸਟਾਰਕ ਦੀ ਸ਼ਾਰਟ ਪਿਚ ਗੇਂਦ ਉਨ੍ਹਾਂ ਦੇ ਖੱਬੇ ਹੱਥ ਦੇ ਦਸਤਾਨੇ 'ਤੇ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਸਟਾਫ ਦੀ ਮਦਦ ਲੈਣੀ ਪਈ। ਸੱਟ ਕਾਰਨ ਉਹ ਆਸਟ੍ਰੇਲੀਆ ਦੀ ਦੂਜੀ ਪਾਰੀ 'ਚੇ ਗੇਂਦਬਾਜ਼ੀ ਨਹੀਂ ਕਰ ਸਕੇ।