ਨਵੀਂ ਦਿੱਲੀ (ਜੇਐੱਨਐੱਨ) : ਆਈਸੀਸੀ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇਕ ਪੋਲ ਕਰਵਾਇਆ ਜਿਸ ਵਿਚ ਉਸ ਨੇ ਬਦਲ ਵਿਚ ਕੁਝ ਨਾਂ ਦਿੰਦੇ ਹੋਏ ਇਹ ਪੁੱਛਿਆ ਕਿ ਇਨ੍ਹਾਂ ਵਿਚੋਂ ਕਿਸ ਕ੍ਰਿਕਟਰ ਦੇ ਕਪਤਾਨ ਬਣਨ ਤੋਂ ਬਾਅਦ ਉਸ ਦੇ ਨਿੱਜੀ ਪ੍ਰਦਰਸ਼ਨ ਵਿਚ ਸੁਧਾਰ ਹੋਇਆ। ਬਦਲ ਵਿਚ ਪਾਕਿਸਤਾਨ ਦੇ ਸਾਬਕਾ ਕਪਾਤਨ ਇਮਰਾਨ ਖ਼ਾਨ, ਭਾਰਤੀ ਕਪਤਾਨ ਵਿਰਾਟ ਕੋਹਲੀ, ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਜ਼ ਤੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟਰ ਮੇਗ ਲੈਨਿੰਗ ਦੇ ਨਾਂ ਸ਼ਾਮਲ ਸਨ। ਇਸ ਪੋਲ ਵਿਚ ਕੁੱਲ 536346 ਵੋਟਾਂ ਪਈਆਂ। ਇਨ੍ਹਾਂ ਵਿਚ ਇਮਰਾਨ ਤੇ ਵਿਰਾਟ ਵਿਚ ਸਖ਼ਤ ਟੱਕਰ ਦੇਖਣ ਨੂੰ ਮਿਲੀ ਜਿਸ ਵਿਚ ਇਮਰਾਨ ਨੇ ਬਾਜ਼ੀ ਮਾਰੀ। ਇਮਰਾਨ ਨੂੰ 47.3 ਫ਼ੀਸਦੀ ਵੋਟਾਂ ਮਿਲੀਆਂ ਉਥੇ ਕੋਹਲੀ ਦੇ ਪੱਖ ਵਿਚ 46.2 ਫ਼ੀਸਦੀ ਵੋਟ ਗਏ। ਡਿਵਿਲੀਅਰਜ਼ ਨੂੰ ਸਿਰਫ਼ ਛੇ ਫ਼ੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਜਦਕਿ ਲੈਨਿੰਗ ਦੇ ਪੱਖ ਵਿਚ 0.5 ਫ਼ੀਸਦੀ ਵੋਟਿੰਗ ਹੋਈ। ਵਨ ਡੇ ਵਿਚ ਕੋਹਲੀ ਦਾ ਬੱਲੇਬਾਜ਼ੀ ਔਸਤ ਬਤੌਰ ਕਪਤਾਨ 73.88 ਦਾ ਹੈ ਉਥੇ ਗ਼ੈਰ ਕਪਤਾਨ ਇਹ ਔਸਤ ਡਿੱਗ ਕੇ 51 ਦਾ ਰਹਿ ਜਾਂਦਾ ਹੈ। ਸਾਲ 1992 ਵਿਚ ਆਪਣੀ ਕਪਤਾਨੀ ਵਿਚ ਪਾਕਿਸਤਾਨ ਨੂੰ ਵਿਸ਼ਵ ਕੱਪ ਦਿਵਾਉਣ ਵਾਲੇ ਇਮਰਾਨ ਦਾ ਟੈਸਟ ਕਿ੍ਕਟ ਵਿਚ ਬੱਲੇਬਾਜ਼ੀ ਔਸਤ 25.43 ਹੈ ਜਦਕਿ ਗੇਂਦਬਾਜ਼ੀ ਔਸਤ 25.53 ਰਿਹਾ ਹੈ ਜਦਕਿ ਬਤੌਰ ਕਪਤਾਨ ਬੱਲੇਬਾਜ਼ੀ ਔਸਤ ਵਧ ਕੇ 52.34 ਹੋ ਜਾਂਦਾ ਸੀ ਉਥੇ ਗੇਂਦਬਾਜ਼ੀ ਔਸਤ 20.26 ਦਾ ਰਹਿੰਦਾ ਸੀ।