ਦੁਬਈ (ਪੀਟੀਆਈ) : ਆਈਸੀਸੀ ਦੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਤੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਜਿੱਥੇ ਨੁਕਸਾਨ ਹੋਇਆ ਹੈ ਉਥੇ ਸਿਡਨੀ ਟੈਸਟ ਵਿਚ ਜੁਝਾਰੂ ਪਾਰੀਆਂ ਖੇਡਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਫ਼ਾਇਦਾ ਮਿਲਿਆ ਹੈ। ਐਡੀਲੇਡ ਟੈਸਟ ਤੋਂ ਬਾਅਦ ਮੈਲਬੌਰਨ ਤੇ ਸਿਡਨੀ ਵਿਚ ਨਾ ਖੇਡਣ ਵਾਲੇ ਕੋਹਲੀ ਇਕ ਸਥਾਨ ਹੇਠਾਂ ਖਿਸਕਦੇ ਹੋਏ ਤੀਜੇ ਸਥਾਨ 'ਤੇ ਪੁੱਜ ਗਏ ਹਨ। ਰਹਾਣੇ ਨੂੰ ਵੀ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਸੱਤਵੇਂ ਸਥਾਨ 'ਤੇ ਖਿਸਕ ਗਏ ਹਨ। ਦੂਜੇ ਪਾਸੇ ਪੁਜਾਰਾ ਨੂੰ ਦੋ ਸਥਾਨ ਦਾ ਫ਼ਾਇਦਾ ਹੋਇਆ ਹੈ ਤੇ ਉਹ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਪੁਜਾਰਾ ਨੇ ਸਿਡਨੀ ਵਿਚ 50 ਤੇ 77 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਰਹਾਣੇ ਨੇ ਮੈਲਬੌਰਨ ਟੈਸਟ ਵਿਚ ਸੈਂਕੜਾ ਲਾਉਣ ਤੋਂ ਬਾਅਦ ਸਿਡਨੀ ਵਿਚ 22 ਤੇ ਚਾਰ ਦੌੜਾਂ ਬਣਾਈਆਂ। ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਮੌਕੇ ਭਾਰਤ ਵਿਚ ਹਨ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਸਿਡਨੀ ਵਿਚ ਪਹਿਲੀ ਪਾਰੀ ਵਿਚ 36 ਤੇ ਦੂਜੀ ਪਾਰੀ ਵਿਚ ਸ਼ਾਨਦਾਰ 97 ਦੌੜਾਂ ਬਣਾਉਣ ਵਾਲੇ ਰਿਸ਼ਭ ਪੰਤ 26 ਤੋਂ 19ਵੇਂ ਸਥਾਨ 'ਤੇ ਪੁੱਜ ਗਏ ਹਨ। ਇਸੇ ਤਰ੍ਹਾਂ ਸਿਡਨੀ ਟੈਸਟ ਨੂੰ ਡਰਾਅ ਕਰਵਾਉਣ ਵਾਲੇ ਹਨੂਮਾ ਵਿਹਾਰੀ, ਰਵੀਚੰਦਰਨ ਅਸ਼ਵਿਨ ਤੇ ਓਪਨਰ ਸ਼ੁਭਮਨ ਗਿੱਲ ਨੂੰ ਵੀ ਫ਼ਾਇਦਾ ਹੋਇਆ ਹੈ।

ਵਿਲੀਅਮਸਨ ਪਹਿਲੇ ਤੇ ਸਮਿਥ ਦੂਜੇ ਸਥਾਨ 'ਤੇ

ਬੱਲੇਬਾਜ਼ਾਂ ਦੀ ਸੂਚੀ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਪਹਿਲੇ ਸਥਾਨ 'ਤੇ ਕਾਬਜ ਹਨ। ਸਿਡਨੀ ਵਿਚ ਸ਼ਾਨਦਾਰ ਸੈਂਕੜਾ ਲਾ ਕੇ ਮੈਨ ਆਫ ਦ ਮੈਚ ਚੁਣੇ ਜਾਣ ਵਾਲੇ ਸਟੀਵ ਸਮਿਥ ਦੂਜੇ ਸਥਾਨ 'ਤੇ ਪੁੱਜ ਗਏ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਅਸ਼ਵਿਨ ਤੇ ਜਸਪ੍ਰਰੀਤ ਬੁਮਰਾਹ ਨੂੰ ਨੁਕਸਾਨ ਹੋਇਆ ਹੈ। ਦੋਵੇਂ ਕ੍ਰਮਵਾਰ ਨੌਵੇਂ ਤੇ 10ਵੇਂ ਸਥਾਨ 'ਤੇ ਹਨ। ਆਸਟ੍ਰੇਲੀਆ ਦੇ ਪੈਟ ਕਮਿੰਸ ਸਿਖ਼ਰਲੀ ਰੈਂਕਿੰਗ ਦੇ ਗੇਂਦਬਾਜ਼ ਹਨ।