ਨਵੀਂ ਦਿੱਲੀ (ਪੀਟੀਆਈ) : ਗ੍ਰੋਇਨ ਦੀ ਸੱਟ ਕਾਰਨ ਨਵਦੀਪ ਸੈਣੀ ਬਿ੍ਸਬੇਨ ਟੈਸਟ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਇੰਨੇ ਵੱਡੇ ਦੌਰੇ 'ਤੇ ਫਿਰ ਖੇਡਣ ਦਾ ਮੌਕਾ ਨਾ ਮਿਲ ਸਕਣ ਦੇ ਡਰੋਂ ਉਨ੍ਹਾਂ ਨੇ ਕਪਤਾਨ ਦੇ ਪੁੱਛਣ 'ਤੇ ਸੱਟ ਦੇ ਬਾਵਜੂਦ ਪੰਜ ਓਵਰ ਸੁੱਟੇ। ਆਸਟ੍ਰੇਲੀਆ ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰਨ ਵਾਲੇ 28 ਸਾਲ ਦੇ ਸੈਣੀ ਨੇ ਕਿਹਾ ਕਿ ਅਜਿੰਕੇ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸੱਟ ਦੇ ਬਾਵਜੂਦ ਗੇਂਦਬਾਜ਼ੀ ਕਰ ਸਕਦਾ ਹਾਂ ਤਾਂ ਮੈਂ ਤਾਂ ਹਾਂ ਕਰਨੀ ਹੀ ਸੀ। ਰਿਸ਼ਭ ਪੰਤ ਨੇ ਜਦ ਗਾਬਾ ਵਿਚ ਜੇਤੂ ਦੌੜ ਬਣਾਈ ਤਾਂ ਦੂਜੇ ਪਾਸੇ ਸੈਣੀ ਸਨ। ਸਿਡਨੀ ਵਿਚ ਆਪਣੇ ਪਹਿਲੇ ਟੈਸਟ ਵਿਚ ਚਾਰ ਵਿਕਟਾਂ ਲੈਣ ਤੋਂ ਬਾਅਦ ਸੈਣੀ ਨੂੰ ਗਾਬਾ 'ਤੇ ਆਸਟ੍ਰੇਲੀਆ ਦੀ ਪਹਿਲੀ ਪਾਰੀ ਵਿਚ ਸੱਟ ਲੱਗੀ ਤੇ ਉਹ 7.5 ਓਵਰ ਹੀ ਸੁੱਟ ਸਕੇ। ਭਾਰਤੀ ਟੀਮ ਇਸ ਤੋਂ ਪਹਿਲਾਂ ਹੀ ਖਿਡਾਰੀਆਂ ਦੀ ਫਿਟਨੈੱਸ ਦੀ ਮੁਸ਼ਕਲ ਨਾਲ ਪਰੇਸ਼ਾਨ ਸੀ। ਸੈਣੀ ਨੇ ਕਿਹਾ ਕਿ ਮੈਂ ਠੀਕ ਸੀ ਪਰ ਅਚਾਨਕ ਸੱਟ ਲੱਗ ਗਈ। ਮੈਂ ਸੋਚਿਆ ਕਿ ਇੰਨੇ ਅਹਿਮ ਮੈਚ ਵਿਚ ਸੱਟ ਕਿਉਂ ਲੱਗੀ। ਜਦ ਇੰਨੇ ਸਾਲ ਬਾਅਦ ਖੇਡਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਬੱਸ ਇਹੀ ਚਾਹੁੰਦਾ ਸੀ ਕਿ ਸੱਟ ਦੇ ਬਾਵਜੂਦ ਖੇਡ ਸਕਾਂ। ਅਜਿਹਾ ਮੌਕਾ ਸ਼ਾਇਦ ਦੁਬਾਰਾ ਕਦੀ ਨਾ ਮਿਲੇ। ਕਪਤਾਨ ਨੇ ਪੁੱਿਛਆ ਕਿ ਕੀ ਮੈਂ ਖੇਡ ਸਕਾਂਗਾ। ਮੈਂ ਦਰਦ ਨਾਲ ਪਰੇਸ਼ਾਨ ਸੀ ਪਰ ਮੈਂ ਕਿਹਾ ਕਿ ਮੈਂ ਜੋ ਕਰ ਸਕਾਂਗਾ, ਕਰਾਂਗਾ। ਸੈਣੀ ਨੇ ਕਿਹਾ ਕਿ ਹੁਣ ਮੈਂ ਠੀਕ ਹੋ ਰਿਹਾ ਹਾਂ ਤੇ ਜਲਦੀ ਹੀ ਫਿੱਟ ਹੋ ਜਾਵਾਂਗਾ।

ਪਹਿਲੀ ਵਿਕਟ ਹਮੇਸ਼ਾ ਹੁੰਦੀ ਹੈ ਖ਼ਾਸ :

ਹੁਣ ਤਕ 10 ਟੀ-20 ਤੇ ਸੱਤ ਵਨ ਡੇ ਖੇਡ ਚੁੱਕੇ ਸੈਣੀ ਇੰਗਲੈਂਡ ਖ਼ਿਲਾਫ਼ ਪੰਜ ਫਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਵਿਚ ਨਹੀਂ ਹਨ। ਆਪਣੀਆਂ ਚਾਰ ਟੈਸਟ ਵਿਕਟਾਂ ਵਿਚੋਂ ਸਭ ਤੋਂ ਕੀਮਤੀ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਵਿਕਟਾਂ ਖ਼ਾਸ ਹਨ ਪਰ ਪਹਿਲੀ ਵਿਕਟ ਕਦੀ ਨਹੀਂ ਭੁੱਲ ਸਕਦੇ। ਜਦ ਤਕ ਉਹ ਨਹੀਂ ਮਿਲ ਜਾਂਦੀ ਤੁਸੀਂ ਪਹਿਲੀ ਵਿਕਟ ਬਾਰੇ ਹੀ ਸੋਚਦੇ ਰਹਿੰਦੇ ਹੋ।

ਆਸਟ੍ਰੇਲੀਆਈ ਟੀਮ ਖ਼ਿਲਾਫ਼ ਮਾਨਸਿਕ ਮਜ਼ਬੂਤੀ ਦੀ ਲੋੜ :

ਆਸਟ੍ਰੇਲੀਆ ਵਿਚ ਪਹਿਲੀ ਵਾਰ ਟੈਸਟ ਖੇਡਣ ਨੂੰ ਯਾਦਗਾਰ ਤਜਰਬਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲਿਆਈ ਪਿੱਚਾਂ 'ਤੇ ਮਿਲਣ ਵਾਲੇ ਉਛਾਲ ਨਾਲ ਰੋਮਾਂਚਤ ਹੋਣਾ ਸੁਭਾਵਿਕ ਹੈ। ਇਸ ਕਾਰਨ ਸ਼ਾਰਟ ਗੇਂਦਾਂ ਸੁੱਟਣ ਦਾ ਲਾਲਚ ਹੁੰਦਾ ਹੈ ਪਰ ਟੈਸਟ ਕ੍ਰਿਕਟ ਸਿਰਫ਼ ਇੰਨੀ ਹੀ ਨਹੀਂ ਹੈ। ਇਸ ਵਿਚ ਧੀਰਜ ਰੱਖ ਕੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਚੰਗੇ ਪ੍ਰਦਰਸ਼ਨ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਆਸਟ੍ਰੇਲਿਆਈ ਖਿਡਾਰੀ ਅੰਤ ਤਕ ਹਾਰ ਨਹੀਂ ਮੰਨਦੇ। ਭਾਰਤੀ ਟੀਮ ਮੈਨੇਜਮੈਂਟ ਕਾਫੀ ਸਹਿਯੋਗੀ ਸੀ ਜਿਸ ਵਿਚ ਕਪਤਾਨ ਤੇ ਰੋਹਿਤ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਮੈਂ ਉਵੇਂ ਹੀ ਗੇਂਦਬਾਜ਼ੀ ਕਰਾਂ ਜਿਵੇਂ ਮੈਂ ਰਣਜੀ ਟਰਾਫੀ ਵਿਚ ਕਰਦਾਂ ਹਾਂ।

ਸਿਰਾਜ ਮੇਰੇ ਚੰਗੇ ਦੋਸਤਾਂ 'ਚੋਂ ਇਕ :

ਮੁਹੰਮਦ ਸਿਰਾਜ ਨਾਲ ਤਾਲਮੇਲ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਸਭ ਤੋਂ ਚੰਗੇ ਦੋਸਤਾਂ ਵਿਚੋਂ ਇਕ ਹੈ। ਅਸੀਂ ਭਾਰਤ ਏ ਲੀ ਕਾਫੀ ਕ੍ਰਿਕਟ ਖੇਡੀ ਹੈ। ਅਸੀਂ ਗੇਂਦਬਾਜ਼ੀ ਬਾਰੇ ਕਾਫੀ ਗੱਲ ਕਰਦੇ ਹਾਂ। ਉਹ ਪਹਿਲੇ ਮੈਚ ਵਿਚ ਮੇਰੀ ਕਾਫੀ ਮਦਦ ਕਰ ਰਿਹਾ ਸੀ। ਉਸ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਰੁਕ ਕੇ ਦਿਖਾਇਆ ਕਿ ਉਹ ਕਿੰਨਾ ਮਜ਼ਬੂਤ ਹੈ। ਉਸ ਦੀ ਉਪਲੱਬਧੀ ਟੀਮ ਲਈ ਕਾਫੀ ਅਹਿਮ ਹੈ।