ਨਵੀਂ ਦਿੱਲੀ (ਜੇਐੱਨਐੱਨ) : ਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਸ਼ਾਨਦਾਰ ਪਾਰੀ ਖੇਡੀ। ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਇਸ ਮੈਚ ਰਾਹੀਂ ਵਨ ਡੇ ਕ੍ਰਿਕਟ ਵਿਚ ਅਫ਼ਗਾਨਿਸਤਾਨ ਲਈ ਸ਼ੁਰੂਆਤ ਕੀਤੀ ਤੇ ਆਪਣੇ ਸ਼ੁਰੂਆਤੀ ਮੈਚ ਵਿਚ ਹੀ ਉਨ੍ਹਾਂ ਨੇ ਸੈਂਕੜਾ ਲਾ ਦਿੱਤਾ। ਆਪਣੇ ਇਸ ਸੈਂਕੜੇ ਦੇ ਦਮ 'ਤੇ ਰਹਿਮਾਨ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਆਪਣੀ ਟੀਮ ਲਈ ਓਪਨਿੰਗ ਕੀਤੀ ਤੇ ਕਾਫੀ ਚੰਗੀ ਪਾਰੀ ਖੇਡੀ। ਉਨ੍ਹਾਂ ਨੇ ਇਸ ਟੀਮ ਖ਼ਿਲਾਫ਼ 127 ਗੇਂਦਾਂ ਦਾ ਸਾਹਮਣਾ ਕਰਦੇ ਹੋਏ 127 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿਚ ਨੌਂ ਛੱਕੇ ਤੇ ਅੱਠ ਚੌਕੇ ਲਾਏ ਤੇ ਉਨ੍ਹਾਂ ਦਾ ਸਟ੍ਰਾਈਕ ਰੇਟ 100 ਦਾ ਰਿਹਾ। ਗੁਰਬਾਜ਼ ਅਫ਼ਗਾਨਿਸਤਾਨ ਵੱਲੋਂ ਵਨ ਡੇ ਕ੍ਰਿਕਟ ਵਿਚ ਸ਼ੁਰੂਆਤ ਕਰਦੇ ਹੋਏ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਵੀ ਬਣੇ। ਅਫ਼ਗਾਨਿਸਤਾਨ ਵੱਲੋਂ ਵਨ ਡੇ ਕ੍ਰਿਕਟ ਵਿਚ ਸ਼ੁਰੂਆਤ ਕਰਨ ਵਾਲੇ ਗੁਰਬਾਜ਼ ਦੀ ਪਾਰੀ ਕਾਫੀ ਖ਼ਾਸ ਰਹੀ। ਉਨ੍ਹਾਂ ਦੀ ਪਾਰੀ ਦੇ ਦਮ 'ਤੇ ਉਨ੍ਹਾਂ ਦੀ ਟੀਮ ਨੇ 50 ਓਵਰਾਂ ਵਿਚ ਨੌਂ ਵਿਕਟਾਂ 'ਤੇ 287 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਪਣੀ ਇਸ ਪਾਰੀ ਦੇ ਦਮ 'ਤੇ ਗੁਰਬਾਜ਼ ਨੇ ਮਾਰਕ ਚੈਪਮੈਨ, ਮਾਰਟਿਨ ਗੁਪਟਿਲ, ਕੋਲਿਨ ਇਨਗ੍ਰਾਮ, ਐਂਡੀ ਫਲਾਵਰ ਵਰਗੇ ਦਿੱਗਜ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਗੁਰਬਾਜ਼ ਹੁਣ ਇਸ ਪਾਰੀ ਤੋਂ ਬਾਅਦ ਵਨ ਡੇ ਕ੍ਰਿਕਟ ਵਿਚ ਸ਼ੁਰੂਆਤ ਕਰਨ ਵਾਲੇ ਸਲਾਮੀ ਬੱਲੇਬਾਜ਼ ਵਜੋਂ ਦੂਜੀ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਖਿਡਾਰੀ ਬਣ ਗਏ। ਵਨ ਡੇ ਕ੍ਰਿਕਟ ਵਿਚ ਸ਼ੁਰੂਆਤ ਕਰਦੇ ਹੋਏ ਬਤੌਰ ਓਪਨਰ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਡੇਸਮਨ ਹੇਂਸ ਦੇ ਨਾਂ 'ਤੇ ਹੈ ਜਿਨ੍ਹਾਂ ਨੇ 1978 ਵਿਚ 148 ਦੌੜਾਂ ਦੀ ਪਾਰੀ ਖੇਡੀ ਸੀ ਤੇ ਹੁਣ ਹੇਂਸ ਤੋਂ ਬਾਅਦ ਗੁਰਬਾਜ਼ ਆ ਗਏ ਹਨ। ਗੁਰਬਾਜ਼ ਤੋਂ ਪਹਿਲਾਂ ਦੂਜੇ ਨੰਬਰ 'ਤੇ ਹਾਂਗਕਾਂਗ ਦੇ ਮਾਰਕ ਚੈਪਮੈਨ ਸਨ ਜਿਨ੍ਹਾਂ ਨੇ ਵਨ ਡੇ ਵਿਚ ਸ਼ੁਰੂਆਤੀ ਮੈਚ ਵਿਚ 2015 ਵਿਚ 124 ਦੌੜਾਂ ਦੀ ਪਾਰੀ ਖੇਡੀ ਸੀ। 127 ਦੌੜਾਂ ਨਾਲ ਹੁਣ ਗੁਰਬਾਜ਼ ਦੂਜੇ ਸਥਾਨ 'ਤੇ ਆ ਗਏ ਹਨ ਤੇ ਉਥੇ ਚੈਪਮੈਨ ਤੀਜੇ ਨੰਬਰ 'ਤੇ ਖ਼ਿਸਕ ਗਏ ਹਨ।

ਇਨ੍ਹਾਂ ਨੇ ਖੇਡੀਆਂ ਹਨ ਬਿਹਤਰੀਨ ਪਾਰੀਆਂ

ਵਨ ਡੇ ਦੇ ਸ਼ੁਰੂਆਤੀ ਮੈਚ 'ਚ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਚੋਟੀ ਦੇ ਛੇ ਸਲਾਮੀ ਬੱਲੇਬਾਜ਼ਾਂ ਵਿਚ ਪਹਿਲੇ ਨੰਬਰ 'ਤੇ 1978 ਵਿਚ 148 ਦੌੜਾਂ ਬਣਾਉਣ ਵਾਲੇ ਵੈਸਟਇੰਡੀਜ਼ ਦੇ ਡੇਸਮਨ ਹੇਂਸ ਹਨ। ਦੂਜੇ ਨੰਬਰ 'ਤੇ ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਗੁਰਬਾਜ਼ ਆ ਗਏ ਹਨ। ਤੀਜੇ ਨੰਬਰ 'ਤੇ ਹਾਂਗਕਾਂਗ ਦੇ ਮਾਰਕ ਚੈਪਮੈਨ ਹਨ ਜਿਨ੍ਹਾਂ ਨੇ 124 ਦੌੜਾਂ ਬਣਾਈਆਂ ਸਨ। ਚੌਥੇ ਨੰਬਰ ਦੱਖਣੀ ਅਫਰੀਕਾ ਦੇ ਕੋਲਿਨ ਇਨਗ੍ਰਾਮ (124) ਹਨ। ਪੰਜਵੇਂ ਨੰਬਰ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (122) ਤੇ ਛੇਵੇਂ ਨੰਬਰ 'ਤੇ ਜ਼ਿੰਬਾਬਵੇ ਦੇ ਐਂਡੀ ਫਲਾਵਰ (115) ਹਨ।