ਮੈਲਬੌਰਨ (ਏਜੰਸੀ) : ਆਸਟ੍ਰੇਲੀਆ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਕੋਲਿਨ ਮੈਕਡੋਨਾਲਡ ਦਾ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਆਸਟ੍ਰੇਲੀਆ ਦੇ 191ਵੇਂ ਟੈਸਟ ਕ੍ਰਿਕਟਰ ਮੈਕਡੋਨਾਲਡ ਨੇ ਦੇਸ਼ ਲਈ 47 ਟੈਸਟ ਮੈਚ ਖੇਡੇ ਸਨ। ਉਹ ਆਸਟ੍ਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਸਨ। ਮੈਕਡੋਨਾਲਡ ਨੇ ਆਪਣਾ ਟੈਸਟ ਡੈਬਿਊ ਰਿਚੀ ਬੈਨੋ ਤੇ ਜਾਰਜ ਥਾਮਸ ਨਾਲ ਵੈਸਟਇੰਡੀਜ਼ ਖ਼ਿਲਾਫ਼ 1952 'ਚ ਗਾਬਾ 'ਚ ਕੀਤਾ ਸੀ। ਉਨ੍ਹਾਂ 39.32 ਦੀ ਔਸਤ ਨਾਲ 3107 ਟੈਸਟ ਦੌੜਾਂ ਬਣਾਈਆਂ ਜਿਸ 'ਚ ਪੰਜ ਸੈਂਕੜੇ ਸ਼ਾਮਲ ਰਹੇ। ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਇਰਲ ਐਡੀਂਗਸ ਨੇ ਕਿਹਾ ਕਿ ਕੋਲਿਨ ਹਮੇਸ਼ਾ ਵਿਕਟੋਰੀਆ ਤੇ ਆਸਟ੍ਰੇਲਿਆਈ ਕ੍ਰਿਕਟ ਦੇ ਮਹਾਨ ਖਿਡਾਰੀ ਵਜੋਂ ਜਾਣੇ ਜਾਣਗੇ। ਉਹ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬੇਖ਼ੌਫ ਸਨ ਤੇ ਸਪਿੰਨਰਾਂ ਖ਼ਿਲਾਫ਼ ਬਿਹਤਰੀਨ ਬੱਲੇਬਾਜ਼ੀ ਕਰਦੇ ਸਨ। ਉਨ੍ਹਾਂ ਆਸਟ੍ਰੇਲੀਆ 'ਚ ਅਤੇ ਇੰਗਲੈਂਡ, ਕੈਰੀਬੀਅਨ, ਦੱਖਣੀ ਅਫਰੀਕਾ, ਭਾਰਤ ਤੇ ਪਾਕਿਸਤਾਨ ਦੇ ਦੌਰਿਆਂ 'ਤੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।

ਕਮੇਟੀ ਕੋਲ ਕੋਚਿੰਗ ਮੈਂਬਰਾਂ ਨੂੰ ਹਟਾਉਣ ਦਾ ਅਧਿਕਾਰ

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਸੀਮ ਖ਼ਾਨ ਨੇ ਪੁਸ਼ਟੀ ਕੀਤੀ ਕਿ ਬੋਰਡ ਦੀ ਕ੍ਰਿਕਟ ਕਮੇਟੀ ਨੂੰ ਮੁੱਖ ਕੋਚ ਮਿਸਬਾਹ-ਉਲ-ਹੱਕ ਸਮੇਤ ਕੋਚਿੰਗ ਟੀਮ ਦੇ ਹੋਰਨਾਂ ਮੈਬਰਾਂ ਨੂੰ ਹਟਾਉਣ ਦਾ ਅਧਿਕਾਰ ਹੈ। ਕ੍ਰਿਕਟ ਕਮੇਟੀ ਲਾਹੌਰ 'ਚ ਮਿਸਬਾਹ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨਾਲ ਮੰਗਲਵਾਰ ਨੂੰ 2021 ਦੀ ਆਪਣੀ ਪਹਿਲੀ ਬੈਠਕ ਕਰੇਗੀ ਜਿਸ 'ਚ ਹਾਲ ਹੀ 'ਚ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾਵੇਗੀ। ਖ਼ਾਨ ਨੇ ਕਿਹਾ ਕਿ ਕਮੇਟੀ ਕੋਲ ਆਪਣੇ ਮੁਲਾਂਕਣ ਦੇ ਆਧਾਰ 'ਤੇ ਚੰਗੇ ਜਾਂ ਖ਼ਰਾਬ ਦੀ ਮੁਲਾਂਕਣ ਦੇ ਆਧਾਰ 'ਤੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਹੈ ਪ੍ਰਕਿਰਿਆ ਤਹਿਤ ਮੁਖੀ ਇਸ ਮੁਲਾਂਕਣ ਦੀ ਸਮੀਖਿਆ ਕਰ ਕੇ ਆਪਣਾ ਫ਼ੈਸਲਾ ਲਵੇਗੀ। ਸਾਨੂੰ ਅਟਕਲਾਂ ਤੋਂ ਬਚਣਾ ਚਾਹੀਦਾ ਹੈ।