ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਪ੍ਰੀਮੀਅਰ ਲੀਗ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਨੇ ਆਈਪੀਐੱਲ 2021 ਸੀਜ਼ਨ ਲਈ ਆਪਣੇ ਸਾਰੇ ਰਿਟੇਨ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਕੁਝ ਦਿਨ ਪਹਿਲਾਂ ਐਲਾਨ ਦਿੱਤੀ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇਸ ਵਾਰ ਸਭ ਤੋਂ ਵੱਧ 10 ਖਿਡਾਰੀਆਂ ਨੂੰ ਆਪਣੀ ਟੀਮ ਤੋਂ ਰਿਲੀਜ਼ ਕੀਤਾ ਪਰ ਉਨ੍ਹਾਂ ਨੇ ਆਪਣੀ ਟੀਮ ਦੇ ਚੋਟੀ ਦੇ ਖਿਡਾਰੀਆਂ ਜਿਵੇਂ ਕਿ ਵਿਰਾਟ ਕੋਹਲੀ, ਏਬੀ ਡਿਵੀਲੀਅਰਜ਼, ਯੁਜਵਿੰਦਰ ਸਿੰਘ ਚਹਿਲ, ਵਾਸ਼ਿੰਗਟਨ ਸੁੰਦਰ ਨੂੰ ਰਿਟੇਨ ਕੀਤਾ। ਰਿਟੇਨ ਕੀਤੇ ਜਾਣ ਦਾ ਇਹ ਮਤਲਬ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਇਕ ਸਾਲ ਦੀ ਐਕਸਟੈਂਸ਼ਨ ਮਿਲੀ ਹੈ ਤੇ ਇਨ੍ਹਾਂ ਨੂੰ ਇਸ ਸੀਜ਼ਨ ਲਈ ਓਨੇ ਹੀ ਪੈਸੇ ਦਿੱਤੇ ਜਾਣਗੇ ਜਿਸ ਕੀਮਤ 'ਤੇ ਉਹ ਖ਼ਰੀਦੇ ਗਏ ਸਨ। ਹੁਣ ਇਨਸਾਈਡਸਪੋਰਟ ਦੀ ਇਕ ਰਿਪੋਰਟ ਮੁਤਾਬਕ ਆਰਸੀਬੀ ਦੇ ਬੱਲੇਬਾਜ਼ ਏਬੀ ਡਿਵੀਲੀਅਰਜ਼ ਆਈਪੀਐੱਲ ਟੀ-20 ਲੀਗ ਦੇ ਇਤਿਹਾਸ ਦੇ ਪਹਿਲੇ ਅਜਿਹੇ ਵਿਦੇਸ਼ੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਹੁਣ ਤਕ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਇਸ ਲੀਗ ਵਿਚ ਏਬੀ ਤੋਂ ਪਹਿਲਾਂ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸੁਰੇਸ਼ ਰੈਣਾ ਇੰਨੀ ਕਮਾਈ ਕਰ ਚੁੱਕੇ ਹਨ। ਮਤਲਬ ਕਿ ਹੁਣ ਇਨ੍ਹਾਂ ਖਿਡਾਰੀਆਂ ਦੇ ਨਾਲ ਏਬੀ ਵੀ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋਣ ਵਾਲੇ ਪੰਜਵੇਂ ਖਿਡਾਰੀ ਬਣ ਗਏ ਹਨ ਪਰ ਬਤੌਰ ਵਿਦੇਸ਼ੀ ਉਹ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਮੌਜੂਦਾ ਕਰਾਰ ਮੁਤਾਬਕ ਏਬੀ ਡਿਵੀਲੀਅਰਜ਼ ਨੂੰ ਇਕ ਸੀਜ਼ਨ ਲਈ 11 ਕਰੋੜ ਰੁਪਏ ਮਿਲਦੇ ਹਨ ਤੇ ਇਸ ਕਾਰਨ ਹੀ ਉਹ 100 ਕਰੋੜ ਦੇ ਕਲੱਬ ਵਿਚ ਧੋਨੀ, ਕੋਹਲੀ, ਰੋਹਿਤ ਤੇ ਰੈਣਾ ਦੇ ਨਾਲ ਸ਼ਾਮਲ ਹੋਏ ਹਨ। ਆਈਪੀਐੱਲ 2021 ਦੇ ਕਰਾਰ ਤੋਂ ਬਾਅਦ ਏਬੀ ਨੇ ਆਈਪੀਐੱਲ ਵਿਚ ਹੁਣ ਤਕ ਕੁੱਲ 102.5 ਕਰੋੜ ਰੁਪਏ ਕਮਾਏ ਹਨ। ਏਬੀ ਡਿਵੀਲੀਅਰਜ਼ ਦੀ ਪਛਾਣ ਪੂਰੀ ਦੁਨੀਆ ਵਿਚ ਇਕ ਬਿਹਤਰੀਨ ਬੱਲੇਬਾਜ਼ ਵਜੋਂ ਕੀਤੀ ਜਾਂਦੀ ਹੈ। ਮਈ 2018 ਵਿਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਇਸ ਤੋਂ ਬਾਅਦ ਵੀ ਉਹ ਟੀ-20 ਫਾਰਮੈਟ ਦੇ ਸ਼ਾਨਦਾਰ ਬੱਲੇਬਾਜ਼ ਹਨ।