ਨਵੀਂ ਦਿੱਲੀ (ਜੇਐੱਨਐੱਨ) : ਰਾਜਸਥਾਨ ਰਾਇਲਜ਼ ਖ਼ਿਲਾਫ਼ ਬੁੱਧਵਾਰ ਨੂੰ ਦੁਬਈ ਵਿਚ ਖੇਡੇ ਗਏ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਨੇ 13 ਦੌੜਾਂ ਨਾਲ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਸਿਖ਼ਰਲਾ ਸਥਾਨ ਹਾਸਲ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਨੇ ਤੈਅ 20 ਓਵਰਾਂ 'ਚ ਸੱਤ ਵਿਕਟਾਂ 'ਤੇ 161 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਅੱਠ ਵਿਕਟਾਂ 'ਤੇ 148 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਦਿੱਲੀ ਦੀ ਇਸ ਮੈਚ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਜਦ ਸਲਾਮੀ ਬੱਲੇਬਾਜ਼ ਪਿ੍ਥਵੀ ਸ਼ਾਅ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਉਸ ਤੋਂ ਬਾਅਦ ਰਹਾਣੇ (02) ਵੀ ਟੀਮ ਦੇ ਕੁੱਲ 10 ਦੌੜਾਂ ਦੇ ਸਕੋਰ 'ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਸ਼ਿਖਰ ਧਵਨ (57) ਤੇ ਕਪਤਾਨ ਸ਼੍ਰੇਅਸ ਅਈਅਰ (53) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਇਸ ਮੈਚ 'ਚ ਦਿੱਲੀ ਨੇ ਹਰਸ਼ਲ ਦੀ ਥਾਂ ਤੁਸ਼ਾਰ ਦੇਸ਼ਪਾਂਡੇ ਨੂੰ ਖਿਡਾਇਆ।