ਨਵੀਂ ਦਿੱਲੀ (ਜੇਐੱਨਐੱਨ) : ਟੈਸਟ ਵਿਚ ਸਰਬੋਤਮ ਮੰਨੇ ਜਾਣ ਵਾਲੇ ਟੀਮ ਇੰਡੀਆ ਦੇ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਆਸਟ੍ਰੇਲੀਆ ਦੇ ਸਾਹਮਣੇ ਕੰਧ ਬਣ ਕੇ ਖੜ੍ਹੇ ਰਹੇ। ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਦੇ ਆਖ਼ਰੀ ਦਿਨ ਉਨ੍ਹਾਂ ਦੇ ਸਰੀਰ 'ਤੇ ਕਾਫੀ ਗੇਂਦਾਂ ਲੱਗੀਆਂ। ਬਾਵਜੂਦ ਉਹ ਟਿਕੇ ਰਹੇ ਤੇ ਡਟੇ ਰਹੇ। ਬਿ੍ਸਬੇਨ ਟੈਸਟ ਮੈਚ ਦੀ ਚੌਥੀ ਪਾਰੀ ਵਿਚ ਆਸਟ੍ਰੇਲਿਆਈ ਗੇਂਦਬਾਜ਼ ਉਨ੍ਹਾਂ ਨੂੰ ਜ਼ਖ਼ਮੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਲਗਭਗ ਅੱਧਾ ਦਰਜਨ ਗੇਂਦਾਂ ਉਨ੍ਹਾਂ ਦੇ ਸਰੀਰ 'ਤੇ ਲੱਗੀਆਂ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਕੰਗਾਰੂਆਂ ਦੇ ਅੱਗੇ ਡਟੇ ਰਹੇ। ਚੇਤੇਸ਼ਵਰ ਪੁਜਾਰਾ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਨ੍ਹਾਂ ਦੀ ਧੀ ਅਦਿਤੀ ਨੇ ਕਿਹਾ ਕਿ ਜਦ ਉਹ ਘਰ ਮੁੜਨਗੇ ਤਾਂ ਮੈਂ ਉੱਥੇ ਉੱਥੇ ਕਿਸ ਕਰਾਂਗੀ ਜਿੱਥੇ ਜਿੱਥੇ ਉਨ੍ਹਾਂ ਦੇ ਸੱਟ ਲੱਗੀ ਹੈ। ਇਸ ਨਾਲ ਉਹ ਠੀਕ ਹੋ ਜਾਣਗੇ। ਦਰਅਸਲ ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ਦੌਰਾਨ ਪੁਜਾਰਾ ਦੇ ਸਰੀਰ 'ਤੇ ਇਹ ਸਾਰੀਆਂ ਗੇਂਦਾਂ ਲੱਗੀਆਂ ਸਨ। ਪੁਜਾਰਾ ਦੀ ਸੱਟ ਉਨ੍ਹਾਂ ਦੇ ਪਰਿਵਾਰ ਲਈ ਕਾਫੀ ਡਰਾਉਣ ਵਾਲਾ ਅਹਿਸਾਸ ਸੀ ਪਰ ਪੁਜਾਰਾ ਦੀ ਦੋ ਸਾਲਾ ਧੀ ਅਦਿਤੀ ਦੀ ਇਹ ਗੱਲ ਅਸਲ ਵਿਚ ਦਿਲ ਜਿੱਤਣ ਵਾਲੀ ਹੈ।