ਨਵੀਂ ਦਿੱਲੀ (ਪੀਟੀਆਈ) : ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ, ਹਨੂਮਾ ਵਿਹਾਰੀ ਅਤੇ ਭਾਰਤੀ ਟੀਮ ਦਾ ਸਹਿਯੋਗੀ ਸਟਾਫ ਆਸਟ੍ਰੇਲੀਆ ਦੌਰੇ ਲਈ ਟੀਮ ਦੇ ਹੋਰ ਮੈਂਬਰਾਂ ਨਾਲ ਜੁੜਨ ਲਈ ਅਗਲੇ ਐਤਵਾਰ ਨੂੰ ਦੁਬਈ ਰਵਾਨਾ ਹੋਣਗੇ। ਮੁੱਖ ਕੋਚ ਰਵੀ ਸ਼ਾਸਤਰੀ ਦੇ ਸੋਮਵਾਰ ਨੂੰ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ।

ਪੁਜਾਰਾ ਤੇ ਵਿਹਾਰੀ ਤੋਂ ਇਲਾਵਾ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਇਕੱਠੇ ਦੁਬਈ ਜਾਣਗੇ। ਸੰਯੁਕਤ ਅਰਬ ਅਮੀਰਾਤ (ਯੂਏਈ) ਪੁੱਜਣ ਤੋਂ ਬਾਅਦ ਉਹ ਵੀ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨਗੇ ਜੋ ਕਿ ਭਾਰਤੀ ਕ੍ਰਿਕਟਰ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਈਪੀਐੱਲ ਲਈ ਤੈਅ ਕੀਤੇ ਹਨ।

ਇਸ ਵਿਚ ਦੁਬਈ ਵਿਚ ਛੇ ਦਿਨ ਤਕ ਕੁਆਰੰਟਾਈਨ 'ਤੇ ਰਹਿਣਾ ਤੇ ਰੈਗੂਲਰ ਵਕਫ਼ੇ 'ਚ ਕੋਵਿਡ-19 ਜਾਂਚ ਸ਼ਾਮਲ ਹੈ। ਇਹ ਸਮੂਹ ਹਾਲਾਂਕਿ ਆਈਪੀਐੱਲ ਦੇ ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ ਵਿਚ ਨਹੀਂ ਰਹੇਗਾ। ਭਾਰਤ ਦੇ ਆਸਟ੍ਰੇਲੀਆ ਦੌਰੇ ਵਿਚ ਸੀਮਤ ਓਵਰਾਂ ਦੇ ਮੈਚ ਸਿਡਨੀ ਤੇ ਕੈਨਬਰਾ ਵਿਚ ਖੇਡੇ ਜਾਣਗੇ ਕਿਉਂਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਮਹਿਮਾਨ ਟੀਮਾਂ ਨੂੰ ਆਉਣ 'ਤੇ ਜ਼ਰੂਰੀ ਕੁਆਰੰਟਾਈਨ ਦੌਰਾਨ ਅਭਿਆਸ ਦੀ ਇਜਾਜ਼ਤ ਦੇ ਦਿੱਤੀ ਹੈ।

ਭਾਰਤ ਨੇ ਆਸਟ੍ਰੇਲੀਆ ਦੌਰੇ ਦੌਰਾਨ ਤਿੰਨ ਟੀ-20, ਤਿੰਨ ਵਨ ਡੇ ਤੇ ਚਾਰ ਟੈਸਟ ਮੈਚ ਖੇਡਣੇ ਹਨ। ਇਸ ਦੌਰੇ ਲਈ ਭਾਰਤੀ ਚੋਣਕਾਰਾਂ ਨੇ ਅਜੇ ਤਕ ਟੀਮਾਂ ਦੀ ਚੋਣ ਨਹੀਂ ਕੀਤੀ ਹੈ।