ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਮੁੱਖ ਸਟ੍ਰਾਈਕਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੇ ਆਸਟ੍ਰੇਲੀਆ ਖ਼ਿਲਾਫ਼ ਸੀਮਤ ਓਵਰਾਂ ਦੇ ਛੇ ਮੈਚਾਂ ਵਿਚ ਇਕੱਠੇ ਖੇਡਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਟੀਮ ਮੈਨੇਜਮੈਂਟ ਉਨ੍ਹਾਂ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਤਿਆਰ ਰੱਖਣਾ ਚਾਹੁੰਦੀ ਹੈ।

ਬੀਸੀਸੀਆਈ ਦੇ ਸੂਤਰਾਂ ਦੀ ਮੰਨੀਏ ਤਾਂ ਬੁਮਰਾਹ ਤੇ ਸ਼ਮੀ ਦੀ ਕਾਰਜਭਾਰ ਮੈਨੇਜਮੈਂਟ ਮੁੱਖ ਕੋਚ ਰਵੀ ਸ਼ਾਸਤਰੀ ਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਲਈ ਤਰਜੀਹ ਹੈ। ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਪਹਿਲਾ ਅਭਿਆਸ ਮੈਚ ਛੇ ਤੋਂ ਅੱਠ ਦਸੰਬਰ ਵਿਚਾਲੇ ਖੇਡਿਆ ਜਾਵੇਗਾ।

ਇਸ ਦੌਰਾਨ ਭਾਰਤੀ ਟੀਮ ਨੇ ਆਖ਼ਰੀ ਦੇ ਦੋ ਟੀ-20 (ਛੇ ਤੇ ਅੱਠ ਦਸੰਬਰ) ਮੈਚ ਖੇਡਣੇ ਹਨ। ਇਸ਼ਾਂਤ ਸ਼ਰਮਾ ਦੀ ਸੱਟ ਦੀ ਸਥਿਤੀ ਅਜੇ ਸਾਫ਼ ਨਹੀਂ ਹੈ ਜਿਸ ਨਾਲ ਬੁਮਰਾਹ ਤੇ ਸ਼ਮੀ ਦੋਵੇਂ ਭਾਰਤੀ ਟੈਸਟ ਮੁਹਿੰਮ ਲਈ ਕਾਫੀ ਅਹਿਮ ਹੋਣਗੇ। ਇਸ ਕਾਰਨ ਟੀਮ ਮੈਨੇਜਮੈਂਟ (ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਤੇ ਗੇਂਦਬਾਜ਼ੀ ਕੋਚ) 12 ਦਿਨਾਂ ਅੰਦਰ ਸੀਮਤ ਓਵਰਾਂ ਦੇ ਛੇ ਮੈਚਾਂ ਵਿਚ ਇਨ੍ਹਾਂ ਦੋਵਾਂ ਨੂੰ ਇਕੱਠੇ ਮੈਦਾਨ ਵਿਚ ਉਤਾਰ ਕੇ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ।

ਬੋਰਡ ਦੇ ਸੂਤਰ ਨੇ ਕਿਹਾ ਕਿ ਜੇ ਦੋਵੇਂ (ਬੁਮਰਾਹ ਤੇ ਸ਼ਮੀ) ਟੀ-20 ਸੀਰੀਜ਼ ਵਿਚ ਖੇਡਦੇ ਹਨ ਤਾਂ ਉਨ੍ਹਾਂ ਨੂੰ ਟੈਸਟ ਅਭਿਆਸ ਲਈ ਇਕ ਹੀ ਮੈਚ ਮਿਲੇਗਾ। ਮੈਨੂੰ ਨਹੀਂ ਲਗਦਾ ਕਿ ਟੀਮ ਮੈਨੇਜਮੈਂਟ ਅਜਿਹਾ ਚਾਹੇਗੀ। ਇਸ ਗੱਲ ਦੀ ਸੰਭਾਵਨਾ ਵੱਧ ਹੈ ਕਿ ਸੀਮਤ ਓਵਰਾਂ ਦੀ ਸੀਰੀਜ਼ ਦੌਰਾਨ ਸ਼ਮੀ ਤੇ ਬੁਮਰਾਹ ਨੂੰ ਇਕੱਠੇ ਟੀਮ ਵਿਚ ਸ਼ਾਮਲ ਨਾ ਕੀਤਾ ਜਾਵੇ।