ਜੇਐੱਨਐੱਨ, ਨਵੀਂੱ ਦਿੱਲੀ : ਕਿਸੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਦਲ ਚੁੱਕੇ ਟੀਮ ਇੰਡੀਆ ਦੇ ਡਰੈਸਿੰਗ ਰੂਮ 'ਚੋ ਜਦੋਂ ਸੋਮਵਾਰ ਨੂੰ ਡਰਾਅ ਰੂਪੀ ਸੰਜੀਵਨੀ ਨਿਕਲੀ ਤਾਂ ਦੁਨੀਆ ਭਰ ਦੇ ਭਾਰਤੀਆਂ ਦੇ ਮੂੰਹ 'ਚੋਂ ਆਹ ਦੀ ਜਗ੍ਹਾ ਵਾਹ ਨਿਕਲਿਆ। ਸਿਡਨੀ ਕ੍ਰਿਕਟ ਗਰਾਊਂਡ 'ਚ ਤੀਸਰੇ ਟੈਸਟ ਦੇ ਆਖਰੀ ਦਿਨ ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਟੀਮ ਜਦੋਂ ਬੱਲੇਬਾਜ਼ੀ ਕਰਨ ਉੱਤਰੀ ਤਾਂ ਉਸ ਨੂੰ 97 ਓਵਰਾਂ 'ਚ 309 ਦੌੜਾਂ ਬਣਾਉਣ ਦੀ ਜ਼ਰੂਰਤ ਸੀ ਤੇ ਅੱਠ ਵਿਕਟਾਂ ਹੱਥ 'ਚ ਸਨ। ਉਸ ਦੇ ਅੱਠ ਬੱਲੇਬਾਜ਼ਾਂ 'ਚੋਂ ਚਾਰ ਬੁਰੀ ਤਰ੍ਹਾਂ ਜ਼ਖ਼ਮੀ ਸਨ ਪਰ ਪੰਤ ਨੇ ਤਾਬੜਤੋੜ ਬੱਲੇਬਾਜ਼ੀ ਕਰ ਕੇ ਇਕ ਵਾਰ ਭਾਰਤ ਨੂੰ ਜਿੱਤ ਦਾ ਰਸਤਾ ਦਿਖਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਅਸ਼ਵਿਨ ਤੇ ਵਿਹਾਰੀ ਨੇ ਗੇਂਦਾਂ ਨੂੰ ਬਲਾਕ ਕਰਨ ਦਾ ਰਿਕਾਰਡ ਬਣਾਇਆ। ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਹਰ ਗੇਂਦ ਨੂੰ ਗਿਣ ਰਹੇ ਸਨ ਤੇ ਦੌੜਾਂ ਨਾ ਬਣਨ ਦੇ ਬਾਵਜੂਦ ਤਾਲੀ ਵਜਾ ਰਹੇ ਸਨ।

ਦਰਸ਼ਕਾਂ ਦੀ ਨਸਲੀ ਟਿੱਪਣੀਆਂ ਨਾਲ ਜੂਝਣ ਤੋਂ ਬਾਅਦ ਮੈਦਾਨ 'ਤੇ ਹੋ ਰਹੀ ਸਲੈਜਿੰਗ ਨੇ ਭਾਰਤੀ ਖ਼ਿਡਾਰੀਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਤੇ ਇਸ ਦਾ ਨਤੀਜਾ ਇਹ ਹੋਇਆ ਕਿ ਟੀਮ ਇੰਡੀਆ ਨੇ ਹਾਰੇ ਹੋਏ ਮੈਚ ਨੂੰ ਡਰਾਅ ਕਰਵਾ ਦਿੱਤਾ। ਇਹ ਡਰਾਅ ਕਿਸੇ ਜਿੱਤ ਤੋਂ ਘੱਟ ਨਹੀਂ। ਇਸ ਮੈਚ 'ਚ ਪੰਤ ਤੇ ਪੁਜਾਰਾ ਦੀ ਬੱਲੇਬਾਜ਼ੀ ਸ਼ਾਨਦਾਰ ਰਹੀ। ਪੁਜਾਰਾ ਨੇ 77 ਜਦੋਂਕਿ ਰਿਸ਼ਭ ਪੰਤ ਨੇ 97 ਦੌੜਾਂ ਦੀ ਤੇਜ਼ ਪਾਰੀ ਖੇਡੀ। ਪੰਤ ਤੇ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਅਸ਼ਵਿਨ (ਅਜੇਤੂ 39) ਤੇ ਹੁਨਮਾ ਵਿਹਾਰੀ ( ਅਜੇਤੂ 23) ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਤੇ ਮੈਚ ਡਰਾਅ ਕਰਵਾਉਣ ਲਈ ਅਖੀਰ ਤਕ ਕ੍ਰੀਜ਼ 'ਤੇ ਡਟੇ ਰਹੇ।