ਕੋਲੰਬੋ (ਪੀਟੀਆਈ) : ਸਾਬਕਾ ਸ੍ਰੀਲੰਕਾਈ ਖੇਡ ਮੰਤਰੀ ਮਹਿੰਦਾਨੰਦਾ ਅਲੁਥਗਾਮਾਗੇ ਦਾ 2011 ਵਿਸ਼ਵ ਕੱਪ ਫਾਈਨਲ ਫਿਕਸ ਹੋਣ ਦਾ ਦਾਅਵਾ ਖੋਖਲਾ ਸਾਬਤ ਹੋਇਆ ਹੈ। ਸ੍ਰੀਲੰਕਾ ਪੁਲਿਸ ਨੇ 2011 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਤੋਂ ਆਪਣੀ ਟੀਮ ਨੂੰ ਮਿਲੀ ਹਾਰ ਦੇ ਫਿਕਸ ਹੋਣ ਦੇ ਦੋਸ਼ਾਂ ਦੀ ਜਾਂਚ ਸ਼ੁੱਕਰਵਾਰ ਨੂੰ ਬੰਦ ਕਰ ਦਿੱਤੀ। ਇਹੀ ਨਹੀਂ, ਉਸ ਨੇ ਕਿਹਾ ਕਿ ਉਸ ਨੂੰ ਦਿੱਗਜ ਕ੍ਰਿਕਟਰ ਕੁਮਾਰ ਸੰਗਾਕਾਰਾ ਤੇ ਮਹੇਲਾ ਜੈਵਰਧਨੇ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੁਥਗਾਮਾਗੇ ਨੇ ਦੋਸ਼ ਲਾਇਆ ਸੀ ਕਿ ਫਾਈਨਲ ਮੈਚ ਫਿਕਸ ਸੀ ਜਿਸ ਨਾਲ ਪੁਲਿਸ ਦੇ ਵਿਸ਼ੇਸ਼ ਜਾਂਚ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਸੀ।

ਐੱਸਪੀ ਜਗਤ ਫੋਨਸੇਕਾ ਨੇ ਕਿਹਾ ਕਿ ਅਸੀਂ ਇਹ ਰਿਪੋਰਟ ਖੇਡ ਮੰਤਰਾਲੇ ਦੇ ਸਕੱਤਰ ਨੂੰ ਭੇਜ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਨਿਰਦੇਸ਼ ਦਿੱਤਾ ਸੀ। ਅਸੀਂ ਅੱਜ ਅੰਦਰੂਨੀ ਚਰਚਾ ਤੋਂ ਬਾਅਦ ਜਾਂਚ ਸਮਾਪਤ ਕਰ ਦਿੱਤੀ। ਫੋਨਸੇਕਾ ਖੇਡ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਇਕਾਈ ਦੇ ਮੁਖੀ ਹਨ। ਉਨ੍ਹਾਂ ਮੁਤਾਬਕ ਅਲੁਥਗਾਮਾਗੇ ਨੇ 14 ਦੋਸ਼ ਲਾਏ ਸਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਫੋਨਸੇਕਾ ਨੇ ਕਿਹਾ ਕਿ ਸਾਨੂੰ ਕੋਈ ਕਾਰਨ ਨਹੀਂ ਦਿਖਾਈ ਦਿੰਦਾ ਕਿ ਖਿਡਾਰੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇ। ਜਾਂਚ ਯੂਨਿਟ ਨੇ ਉਸ ਸਮੇਂ ਦੇ ਮੁੱਖ ਚੋਣਕਾਰ ਅਰਵਿੰਦ ਡਿਸਿਲਵਾ ਤੋਂ ਇਲਾਵਾ ਫਾਈਨਲ ਵਿਚ ਟੀਮ ਦੇ ਕਪਤਾਨ ਸੰਗਾਕਾਰਾ, ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਤੇ ਮਹੇਲਾ ਜੈਵਰਧਨੇ ਤੋਂ ਪੁੱਛਗਿੱਛ ਕੀਤੀ।

ਫੋਨਸੇਕਾ ਨੇ ਕਿਹਾ ਕਿ ਤਿੰਨ ਕ੍ਰਿਕਟਰਾਂ ਨੇ ਦੱਸਿਆ ਕਿ ਫਾਈਨਲ ਵਿਚ ਅਚਾਨਕ ਟੀਮ ਵਿਚ ਤਬਦੀਲੀ ਕਿਉਂ ਕੀਤੀ ਗਈ ਸੀ ਜੋ ਅਲੁਥਗਾਮਾਗੇ ਦੇ ਲਾਏ ਦੋਸ਼ਾਂ ਵਿਚੋਂ ਇਕ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗਾ ਕਿ ਸਾਰੇ ਖਿਡਾਰੀਆਂ ਨੂੰ ਬੁਲਾ ਕੇ ਬਿਆਨ ਦਰਜ ਕਰਵਾਉਣ ਨਾਲ ਬਿਨਾਂ ਕਾਰਨ ਰੌਲ਼ਾ ਪਵੇਗਾ।