ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਚਿੱਟੀ ਗੇਂਦ ਦੀ ਟੀਮ ਦੇ ਉੱਪ ਕਪਤਾਨ ਰੋਹਿਤ ਸ਼ਰਮਾ ਦੀ ਹੈਮਸਟਿ੍ੰਗ ਸੱਟ ਨੂੰ ਲੈ ਕੇ ਹੋਇਆ ਵਿਵਾਦ ਭੁਲੇਖਾ ਪਾਉਣ ਨਾਲ ਹੀ ਮਨੋਰੰਜਕ ਵੀ ਸੀ ਕਿਉਂਕਿ ਰੋਹਿਤ ਹਮੇਸ਼ਾ ਜਾਣਦੇ ਸਨ ਕਿ ਇਹ ਸੱਟ ਇੰਨੀ ਗੰਭੀਰ ਨਹੀਂ ਸੀ ਤੇ ਉਹ ਆਸਟ੍ਰੇਲੀਆ ਵਿਖੇ ਖੇਡਣ ਲਈ ਤਿਆਰ ਹੋਣਗੇ। ਰੋਹਿਤ ਨੂੰ ਆਈਪੀਐੱਲ ਦੌਰਾਨ ਇਹ ਹੈਮਸਟਿ੍ੰਗ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਆਸਟ੍ਰੇਲੀਆ ਦੌਰੇ ਲਈ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੋਹਿਤ ਆਈਪੀਐੱਲ ਵਿਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਨਜ਼ਰ ਆਏ ਜਿਸ ਨਾਲ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਰੋਹਿਤ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਜਾਣਦਾ ਕਿ ਕੀ ਹੋ ਰਿਹਾ ਸੀ ਤੇ ਲੋਕ ਕਿਸ ਬਾਰੇ ਗੱਲ ਕਰ ਰਹੇ ਸਨ। ਪਰ ਮੈਂ ਰਿਕਾਰਡ ਲਈ ਦੱਸ ਦੇਵਾਂ ਕਿ ਮੈਂ ਬੀਸੀਸੀਆਈ ਤੇ ਮੁੰਬਈ ਇੰਡੀਅਨਜ਼ ਨਾਲ ਲਗਾਤਾਰ ਸੰਪਰਕ ਵਿਚ ਸੀ। ਉਨ੍ਹਾਂ ਨੇ ਦਰਦ ਦੇ ਬਾਵਜੂਦ ਖੇਡਦੇ ਹੋਏ ਦਿੱਲੀ ਕੈਪੀਟਲਜ਼ ਖ਼ਿਲਾਫ਼ ਆਈਪੀਐੱਲ ਫਾਈਨਲ ਵਿਚ 50 ਗੇਂਦਾਂ ਵਿਚ 68 ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਹ ਇਸ ਸਮੇਂ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਸਟ੍ਰੈਂਥ ਐਂਡ ਕੰਡੀਸ਼ਨਿੰਗ ਟ੍ਰੇਨਿੰਗ ਕਰ ਰਹੇ ਹਨ। ਰੋਹਿਤ ਨੇ ਕਿਹਾ ਕਿ ਮੈਂ ਉਨ੍ਹਾਂ (ਮੁੰਬਈ ਇੰਡੀਅਨਜ਼) ਨੂੰ ਦੱਸ ਦਿੱਤਾ ਸੀ ਕਿ ਮੈਂ ਮੈਦਾਨ 'ਤੇ ਉਤਰ ਸਕਦਾ ਹਾਂ ਕਿਉਂਕਿ ਇਹ ਛੋਟਾ ਫਾਰਮੈਟ ਹੈ ਤੇ ਮੈਂ ਹਾਲਾਤ ਨਾਲ ਚੰਗੀ ਤਰ੍ਹਾਂ ਨਜਿੱਠ ਲਵਾਂਗਾ। ਇਕ ਵਾਰ ਮੈਂ ਫ਼ੈਸਲਾ ਕਰ ਲਿਆ ਤਾਂ ਬਸ ਉਸ ਚੀਜ਼ 'ਤੇ ਧਿਆਨ ਲਾਉਣ ਦੀ ਲੋੜ ਸੀ ਜੋ ਮੈਂ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਹੈਮਸਟਿ੍ੰਗ ਹੁਣ ਬਿਲਕੁਲ ਠੀਕ ਲੱਗ ਰਹੀ ਹੈ। ਇਸ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਮੀਦ ਹੈ ਕਿ ਆਸਟ੍ਰੇਲੀਆ ਦੌਰੇ ਤਕ ਸਭ ਠੀਕ ਹੋ ਜਾਵੇਗਾ। ਲੰਬੇ ਫਾਰਮੈਟ ਵਿਚ ਖੇਡਣ ਤੋਂ ਪਹਿਲਾਂ ਮੈਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਈ ਵੀ ਕੋਸ਼ਿਸ਼ ਛੁੱਟ ਨਹੀਂ ਗਈ, ਸ਼ਾਇਦ ਇਹੀ ਕਾਰਨ ਹੈ ਕਿ ਮੈਂ ਐੱਨਸੀਏ ਵਿਚ ਹਾਂ।

ਸੱਟ ਤੋਂ ਬਾਅਦ ਖ਼ੁਦ 'ਤੇ ਦੇ ਰਿਹਾ ਸੀ ਧਿਆਨ

ਆਈਪੀਐੱਲ ਵਿਚ ਪਲੇਆਫ ਵਿਚ ਸੱਟ ਦੇ ਬਾਵਜੂਦ ਖੇਡਣ ਨੂੰ ਲੈ ਕੇ ਗੱਲਾਂ ਸ਼ੁਰੂ ਹੋ ਗਈਆਂ ਸਨ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਚਿੰਤਾ ਦੀ ਗੱਲ ਨਹੀਂ ਸੀ ਕਿ ਕੋਈ ਕੀ ਗੱਲ ਕਰ ਰਿਹਾ ਹੈ ਕਿ ਉਹ ਆਸਟ੍ਰੇਲੀਆ ਦੌਰੇ ਲਈ ਜਾ ਸਕੇਗਾ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਸੱਟ ਲੱਗੀ ਤਾਂ ਅਗਲੇ ਦੋ ਦਿਨ ਮੈਂ ਸਿਰਫ਼ ਇਹੀ ਦੇਖਣ ਦੀ ਕੋਸ਼ਿਸ਼ ਕੀਤੀ ਕਿ ਅਗਲੇ 10 ਦਿਨ ਵਿਚ ਮੈਂ ਕੀ ਕਰ ਸਕਦਾ ਸੀ, ਕੀ ਮੈਂ ਖੇਡ ਸਕਾਂਗਾ ਜਾਂ ਨਹੀਂ।

ਮੈਦਾਨ 'ਤੇ ਹੀ ਆਪਣੀ ਫਿਟਨੈੱਸ ਦਾ ਲਗਦਾ ਹੈ ਪਤਾ

ਪੰਜ ਵਾਰ ਦੇ ਆਈਪੀਐੱਲ ਚੈਂਪੀਅਨ ਨੇ ਕਿਹਾ ਕਿ ਜਦ ਤਕ ਮੈਦਾਨ 'ਤੇ ਨਹੀਂ ਪੁੱਜਦੇ ਤਦ ਤਕ ਪਤਾ ਨਹੀਂ ਲਗਦਾ ਕਿ ਸਰੀਰ ਕਿਵੇਂ ਕੰਮ ਕਰ ਰਿਹਾ ਹੈ ਤੇ ਤੁਸੀਂ ਫਿੱਟ ਹੋ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਹਰੇਕ ਦਿਨ ਹੈਮਸਟਿ੍ੰਗ ਸੱਟ ਦੀ ਸਥਿਤੀ ਬਦਲ ਰਹੀ ਸੀ। ਇਹ ਜਿਸ ਤਰ੍ਹਾਂ ਠੀਕ ਹੋ ਰਹੀ ਸੀ ਤਾਂ ਮੈਂ ਆਸਵੰਦ ਹੋ ਗਿਆ ਕਿ ਮੈਂ ਖੇਡ ਸਕਦਾ ਹਾਂ ਤੇ ਮੈਂ ਉਸ ਸਮੇਂ ਮੁੰਬਈ ਇੰਡੀਅਨਜ਼ ਨੂੰ ਇਸ ਬਾਰੇ ਦੱਸ ਦਿੱਤਾ ਸੀ।