ਜੇਐੱਨਐੱਨ, ਜੰਮੂ : ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਕੌਮੀ, ਕੌਮਾਂਤਰੀ ਪੱਧਰ ਦਾ ਕ੍ਰਿਕਟਰ ਬਣਾਉਣ ਦੀ ਚਾਹਤ ਦੇ ਨਾਲ ਕੰਮ ਕਰ ਰਹੇ ਸਾਬਕਾ ਕੌਮਾਂਤਰੀ ਕ੍ਰਿਕਟ ਸੁਰੇਸ਼ ਰੈਨਾ ਨੇ ਜੰਮੂ-ਕਸ਼ਮੀਰ 'ਚ ਤਿੰਨ-ਤਿੰਨ ਕ੍ਰਿਕਟ ਅਕੈਡਮੀਆਂ ਖੋਲ੍ਹਣ ਦਾ ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਨਾਲ ਕਰਾਰ ਕੀਤਾ ਹੈ।

ਕਰਾਰ ਤੋਂ ਬਾਅਦ ਖੇਡ ਵਿਭਾਗ ਦੇ ਸਕੱਤਰ ਸਰਮਦ ਹਫੀਜ ਨਾਲ ਪ੍ਰਰੈੱਸ ਕਾਨਫਰੰਸ 'ਚ ਰੈਨਾ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ 'ਚ ਤਿੰਨ-ਤਿੰਨ ਕ੍ਰਿਕਟ ਅਕੈਡਮੀਆਂ ਖੋਲ੍ਹਣ ਤੋਂ ਇਲਾਵਾ ਕ੍ਰਿਕਟ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਕੋਲ ਕਈ ਯੋਜਨਾਵਾਂ ਹਨ। ਉਨ੍ਹਾਂ ਦਾ ਟੀਚਾ ਜੰਮੂ-ਕਸ਼ਮੀਰ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਕੌਮੀ, ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਉਣਾ ਹੈ। ਇਹ ਤਾਂ ਹੀ ਮੁਮਕਿਨ ਹੋਵੇਗਾ ਜਦੋਂ ਇੱਥੋਂ ਦੇ ਖਿਡਾਰੀ ਭਾਰਤੀ ਟੀਮ 'ਚ ਖੇਡਣਗੇ। ਰੈਨਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਕ੍ਰਿਕਟ ਦੀਆਂ ਭਰਪੂਰ ਸੰਭਾਨਾਵਾਂ ਹਨ। ਉਨ੍ਹਾਂ ਜੰਮੂ ਦੇ ਅਬਦੁਲ ਸਮਦ ਦੇ ਆਈਪੀਐੱਲ 'ਚ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਰੈਨਾ ਨੇ ਕਿਹਾ ਕਿ ਉਹ ਮੂਲ ਰੂਪ 'ਚ ਕਸ਼ਮੀਰ ਦੇ ਵਾਸੀ ਹਨ। ਇਸ ਲਈ ਉਹ ਜੰਮੂ-ਕਸ਼ਮੀਰ 'ਚ ਕ੍ਰਿਕਟ ਦੇ ਉਥਾਨ ਲਈ ਜੋ ਕੁਝ ਵੀ ਕਰ ਸਕਣਗੇ, ਉਹ ਉਸ ਤੋਂ ਪਿੱਛੇ ਨਹੀਂ ਹਟਣਗੇ।