ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਪਹਿਲੀ ਵਾਰ ਪਲੇਆਫ ਵਿਚ ਨਾ ਪੁੱਜਣ ਤੇ ਅੰਕ ਸੂਚੀ ਵਿਚ ਆਖ਼ਰੀ ਸਥਾਨ 'ਤੇ ਰਹਿਣ ਤੋਂ ਬਾਅਦ ਕਪਤਾਨ ਧੋਨੀ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਨੂੰ ਧਿਆਨ ਵਿਚ ਰੱਖ ਕੇ ਬਾਕੀ ਤਿੰਨ ਮੈਚਾਂ ਵਿਚ ਨੌਜਵਾਨਾਂ ਨੂੰ ਪਰਖਿਆ ਜਾਵੇਗਾ। ਅਜਿਹੇ ਪ੍ਰਦਰਸ਼ਨ ਨਾਲ ਦੁੱਖ ਹੁੰਦਾ ਹੈ। ਸਾਨੂੰ ਦੇਖਣਾ ਪਵੇਗਾ ਕਿ ਗ਼ਲਤੀ ਕਿੱਥੇ ਹੋਈ ਹੈ।

ਇਹ ਸਾਡਾ ਸਾਲ ਨਹੀਂ ਸੀ। ਚਾਹੇ ਅੱਠ ਵਿਕਟਾਂ ਨਾਲ ਹਾਰੀਏ ਜਾਂ 10 ਵਿਕਟਾਂ ਨਾਲ, ਇਹ ਮਾਅਨੇ ਨਹੀਂ ਰੱਖਦਾ ਪਰ ਦੇਖਣਾ ਇਹ ਹੈ ਕਿ ਅਸੀਂ ਟੂਰਨਾਮੈਂਟ ਵਿਚ ਇਸ ਸਮੇਂ ਕਿੱਥੇ ਹਾਂ ਤੇ ਇਹੀ ਦੁਖੀ ਕਰਦਾ ਹਾਂ।

ਅਸੀਂ ਦੂਜੇ ਮੈਚ ਤੋਂ ਹੀ ਦੇਖਣਾ ਸੀ ਕਿ ਅਸੀਂ ਕਿੱਥੇ ਗ਼ਲਤ ਹਾਂ। ਅੰਬਾਤੀ ਰਾਇਡੂ ਜ਼ਖ਼ਮੀ ਹੋ ਗਏ ਤੇ ਬਾਕੀ ਬੱਲੇਬਾਜ਼ ਆਪਣਾ 100 ਫ਼ੀਸਦੀ ਨਹੀਂ ਦੇ ਸਕੇ। ਕਿਸਮਤ ਨੇ ਵੀ ਸਾਡਾ ਸਾਥ ਨਹੀਂ ਦਿੱਤਾ। ਜਿਨ੍ਹਾਂ ਮੈਚਾਂ ਵਿਚ ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ ਉਥੇ ਟਾਸ ਨਹੀਂ ਜਿੱਤ ਸਕੇ। ਜਦ ਅਸੀਂ ਪਹਿਲਾਂ ਬੱਲੇਬਾਜ਼ੀ ਕੀਤੀ ਤਾਂ ਤਰੇਲ ਸੀ। ਖ਼ਰਾਬ ਪ੍ਰਦਰਸ਼ਨ ਕਰਨ 'ਤੇ 100 ਬਹਾਨੇ ਦਿੱਤੇ ਜਾ ਸਕਦੇ ਹਨ ਪਰ ਸਭ ਤੋਂ ਅਹਿਮ ਹੈ ਕਿ ਸਾਨੂੰ ਖ਼ੁਦ ਤੋਂ ਪੁੱਛਣਾ ਪਵੇਗਾ ਕਿ ਕੀ ਅਸੀਂ ਆਪਣੀ ਯੋਗਤਾ ਮੁਤਾਬਕ ਖੇਡ ਸਕੇ। ਕੀ ਅਸੀਂ ਹੁਣ ਤਕ ਦੇ ਆਪਣੇ ਰਿਕਾਰਡ ਮੁਤਾਬਕ ਖੇਡੇ। ਨਹੀਂ। ਅਸੀਂ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ। ਅਗਲੇ ਤਿੰਨ ਮੈਚਾਂ ਵਿਚ ਨਵੇਂ ਚਿਹਰਿਆਂ ਨੂੰ ਅਜ਼ਮਾਇਆ ਜਾਵੇਗਾ।

ਨਵੀਂ ਟੀਮ ਤਿਆਰ ਕਰੇਗੀ ਚੇਨਈ ਸੁਪਰ ਕਿੰਗਜ਼

ਇਤਿਹਾਸ ਦੀ ਸਭ ਤੋਂ ਖ਼ਰਾਬ ਹਾਰ ਸਹਿਣ ਤੋਂ ਬਾਅਦ ਤਿੰਨ ਆਈਪੀਐੱਲ ਖ਼ਿਤਾਬ ਜਿੱਤਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਹੁਣ ਅਗਲੇ ਸੈਸ਼ਨ ਦੀਆਂ ਤਿਆਰੀਆਂ ਵਿਚ ਰੁੱਝੇਗੀ। ਸੀਐੱਸਕੇ ਦੇ ਇਕ ਸੂਤਰ ਨੇ ਕਿਹਾ ਕਿ ਅਸੀਂ ਇਸ ਪ੍ਰਦਰਸ਼ਨ ਨਾਲ ਅਸਲ ਵਿਚ ਨਿਰਾਸ਼ ਹਾਂ ਤੇ ਯਕੀਨੀ ਤੌਰ 'ਤੇ ਟੀਮ ਵਿਚ ਤਬਦੀਲੀ ਕੀਤੀ ਜਾਵੇਗੀ।

ਹਾਲਾਂਕਿ ਇਹ ਸਭ ਬੀਸੀਸੀਆਈ ਵੱਲੋਂ ਕੀਤੀ ਜਾਣ ਵਾਲੀ ਖਿਡਾਰੀਆਂ ਦੀ ਨਿਲਾਮੀ 'ਤੇ ਤੈਅ ਹੋਵੇਗਾ। ਅਗਲੇ ਆਈਪੀਐੱਲ ਵਿਚ ਜ਼ਿਆਦਾ ਸਮਾਂ ਨਹੀਂ ਹੈ ਤੇ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਖਿਡਾਰੀਆਂ ਦੀ ਪ੍ਰਸਤਾਵਿਤ ਵੱਡੀ ਨਿਲਾਮੀ ਨਹੀਂ ਹੋਵੇਗੀ। ਸਾਨੂੰ ਤਬਦੀਲੀ ਤੋਂ ਪਹਿਲਾਂ ਉਪੱਲਬਧ ਖਿਡਾਰਆਂ ਨੂੰ ਹੀ ਦੇਖਣਾ ਪਵੇਗਾ ਕਿ ਬਾਕੀ ਟੀਮਾਂ ਕਿਹੜੇ ਖਿਡਾਰੀਆਂ ਨੂੰ ਛੱਡ ਰਹੀਆਂ ਹਨ ਤੇ ਅਸੀਂ ਕਿਨ੍ਹਾਂ ਨੂੰ ਰਿਟੇਨ ਨਹੀਂ ਕਰਨਾ ਹੈ।