ENGW vs INDW: 17 ਸਾਲ ਦੀ ਨੌਜਵਾਨ ਭਾਰਤੀ ਮਹਿਲਾ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਇੰਗਲੈਂਡ ਖ਼ਿਲਾਫ਼ ਚਲ ਰਹੇ ਇਕ ਟੈਸਟ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਸ਼ੈਫਾਲੀ ਇਕ ਪਾਸੇ ਜਿੱਥੇ ਡੈਬਿਊ ਟੈਸਟ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਬੱਲੇਬਾਜ਼ ਬਣ ਗਈ ਹੈ ਤਾਂ ਉਧਰ ਹੀ ਡੈਬਿਊ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ 'ਚ ਅਰਧ-ਸੈਂਕੜਾ ਪਾਰੀ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਇਸ ਤੋਂ ਇਲਾਵਾ ਡੈਬਿਊ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ 'ਚ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਕਰਨ ਵਾਲੀ ਸ਼ੈਫਾਲੀ ਦੁਨੀਆ ਦੀ ਚੌਥੀ ਬੱਲੇਬਾਜ਼ ਬਣਨ 'ਚ ਸਫਲ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ ਆਪਣੀ ਦੂਜੀ ਪਾਰੀ 'ਚ 83 ਦੌੜਾਂ 1 ਵਿਕਟ 'ਤੇ ਬਣਾ ਲਈਆਂ ਹਨ। ਸ਼ੈਫਾਲੀ 68 ਗੇਂਦ 'ਤੇ 55 ਦੌੜਾਂ ਬਣਾ ਕੇ ਨਾਬਾਦ ਹੈ। ਪਹਿਲੀ ਪਾਰੀ 'ਚ 17 ਸਾਲ ਦੀ ਇਸ ਬੱਲੇਬਾਜ਼ ਨੇ 96 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਭਾਰਤੀ ਮਹਿਲਾ ਕ੍ਰਿਕਟ 'ਚ ਸ਼ੈਫਾਲੀ ਨੂੰ ਲੇਡੀ ਸਹਿਵਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਹਿਵਾਗ ਦੀ ਤਰ੍ਹਾਂ ਹੀ ਸ਼ੈਫਾਲੀ ਗੇਂਦਬਾਜ਼ਾਂ ਖ਼ਿਲਾਫ਼ ਹਮਲਾਵਰ ਬੱਲੇਬਾਜ਼ੀ ਕਰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਲੇਡੀ ਸਹਿਵਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Posted By: Ravneet Kaur