ਜੇਐੱਨਐੱਨ, ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਸੂਰਿਆਕੁਮਾਰ ਯਾਦਵ ਨੇ ਇਕ ਵਾਰ ਫਿਰ ਅਜਿਹੀ ਪਾਰੀ ਖੇਡੀ, ਜਿਸ ਦੀ ਤਾਰੀਫ ਵਿਰਾਟ ਕੋਹਲੀ ਤੋਂ ਲੈ ਕੇ ਸਚਿਨ ਤੇਂਦੁਲਕਰ ਤਕ ਕੀਤੀ ਜਾ ਰਹੀ ਹੈ। ਇਸ ਮੈਚ 'ਚ ਉਸ ਨੇ ਸਿਰਫ 51 ਗੇਂਦਾਂ 'ਤੇ 11 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 111 ਦੌੜਾਂ ਬਣਾਈਆਂ।

ਉਸ ਦੀ ਇਸ ਪਾਰੀ ਦਾ ਨਤੀਜਾ ਸੀ ਕਿ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਦੀ ਟੀਮ ਨੂੰ ਸਿਰਫ 126 ਦੌੜਾਂ 'ਤੇ ਆਊਟ ਕਰ ਦਿੱਤਾ ਤੇ ਮੈਚ 65 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਇਸ ਜਿੱਤ ਦਾ ਹੀਰੋ ਸੂਰਿਆਕੁਮਾਰ ਯਾਦਵ ਰਿਹਾ, ਜਿਸ ਨੂੰ "ਪਲੇਅਰ ਆਫ਼ ਦਾ ਮੈਚ" ਵੀ ਚੁਣਿਆ ਗਿਆ। ਆਪਣੀ ਧਮਾਕੇਦਾਰ ਪਾਰੀ ਤੋਂ ਬਾਅਦ ਰੋਹਿਤ ਸ਼ਰਮਾ ਦਾ 11 ਸਾਲ ਪਹਿਲਾਂ ਦਾ ਉਹ ਟਵੀਟ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਬਾਰੇ ਭਵਿੱਖਬਾਣੀ ਕੀਤੀ ਸੀ।

ਰੋਹਿਤ ਨੇ 11 ਸਾਲ ਪਹਿਲਾਂ ਕੀ ਲਿਖਿਆ ਸੀ?

11 ਸਾਲ ਪਹਿਲਾਂ ਰੋਹਿਤ ਨੇ ਸੂਰਿਆਕੁਮਾਰ ਯਾਦਵ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਨੇ ਉਸ ਸਮੇਂ ਟਵੀਟ 'ਚ ਲਿਖਿਆ ਸੀ ਕਿ ਚੇਨਈ 'ਚ ਬੀਸੀਸੀਆਈ ਦਾ ਐਵਾਰਡ ਸਮਾਰੋਹ ਹੁਣੇ-ਹੁਣੇ ਖਤਮ ਹੋਇਆ ਹੈ। ਕੁਝ ਰੋਮਾਂਚਕ ਕ੍ਰਿਕਟਰ ਆਉਣ ਵਾਲੇ ਹਨ। ਮੁੰਬਈ ਦੇ ਸੂਰਿਆਕੁਮਾਰ ਯਾਦਵ ਅਜਿਹੇ ਬੱਲੇਬਾਜ਼ ਹੋਣਗੇ, ਜਿਨ੍ਹਾਂ 'ਤੇ ਆਉਣ ਵਾਲੇ ਸਮੇਂ 'ਚ ਸਾਰਿਆਂ ਦੀ ਨਜ਼ਰ ਹੋਵੇਗੀ।

ਹੁਣ ਜਦੋਂ ਸੂਰਿਆ ਨੇ ਇਕ ਕੈਲੰਡਰ ਸਾਲ 'ਚ ਆਪਣੀ ਬੱਲੇਬਾਜ਼ੀ ਦਾ ਜਲਵਾ ਬਿਖੇਰਿਆ ਹੈ ਤਾਂ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਰੋਹਿਤ ਦਾ ਇਹ ਟਵੀਟ ਯਾਦ ਆ ਰਿਹਾ ਹੈ। ਪ੍ਰਸ਼ੰਸਕ ਇਸ 'ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਰੋਹਿਤ ਦਾ ਧੰਨਵਾਦ ਕਰ ਰਹੇ ਹਨ ਅਤੇ ਕੁਝ ਰੋਹਿਤ ਦੀ ਤਾਰੀਫ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੂਰਿਆ ਦੀ ਪ੍ਰਤਿਭਾ 'ਤੇ ਪਹਿਲਾਂ ਹੀ ਭਰੋਸਾ ਸੀ।

2022 ਇਕ ਸ਼ਾਨਦਾਰ ਸਾਲ ਹੋਣ ਜਾ ਰਿਹਾ ਹੈ

ਸੂਰਿਆਕੁਮਾਰ ਯਾਦਵ ਲਈ ਸਾਲ 2022 ਸ਼ਾਨਦਾਰ ਰਿਹਾ ਹੈ। ਇੰਨੇ ਥੋੜੇ ਸਮੇਂ ਵਿੱਚ ਉਸ ਨੇ ਟੀ-20ਆਈ ਕ੍ਰਿਕਟ ਵਿੱਚ ਡੈਬਿਊ ਤੋਂ ਨੰਬਰ ਇਕ ਤਕ ਦਾ ਸਫ਼ਰ ਆਸਾਨੀ ਨਾਲ ਪੂਰਾ ਕਰ ਲਿਆ ਹੈ। ਵਰਤਮਾਨ ਵਿੱਚ ਉਹ ਇਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ ਤੇ ਹਰ ਰੋਜ਼ ਨਵੇਂ ਰਿਕਾਰਡ ਤੋੜ ਰਿਹਾ ਹੈ। ਨਿਊਜ਼ੀਲੈਂਡ ਖਿਲਾਫ ਸੈਂਕੜਾ ਇਕ ਕੈਲੰਡਰ ਸਾਲ 'ਚ ਉਸ ਦਾ ਦੂਜਾ ਸੈਂਕੜਾ ਸੀ ਅਤੇ ਇਸ ਮਾਮਲੇ 'ਚ ਉਸ ਨੇ ਰੋਹਿਤ ਸ਼ਰਮਾ ਦੀ ਬਰਾਬਰੀ ਕੀਤੀ।

Posted By: Sarabjeet Kaur