ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮੈਥਿਊ ਹੇਡਨ ਨੇ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਇਕ ਜਾਦੂਗਰ ਹਨ ਜੋ ਕੂੜੇ ਨੂੰ ਵੀ ਸੋਨੇ ਵਿਚ ਬਦਲ ਸਕਦੇ ਹਨ। ਚੇਨਈ ਸੁਪਰ ਕਿੰਗਜ਼ ਦੀ ਕਾਮਯਾਬੀ ਵਿਚ ਉਸ ਦਾ ਬਹੁਤ ਯੋਗਦਾਨ ਹੈ। ਹਾਲਾਂਕਿ ਹੇਡਨ ਦਾ ਮੰਨਣਾ ਹੈ ਕਿ ਧੋਨੀ ਅਗਲੇ ਸਾਲ ਆਈਪੀਐੱਲ ਵਿਚ ਨਹੀਂ ਖੇਡਣਗੇ। ਧੋਨੀ ਦੀ ਕਪਤਾਨੀ ਵਿਚ ਹੀ ਚੇਨਈ ਨੇ 10ਵੀਂ ਵਾਰ ਆਈਪੀਐੱਲ ਫਾਈਨਲ ਵਿਚ ਥਾਂ ਬਣਾਈ ਹੈ। ਟੂਰਨਾਮੈਂਟ ਦੀ ਸ਼ੁਰੂਆਤ ਵਿਚ ਟੀਮ ਦੀ ਗੇਂਦਬਾਜ਼ੀ ਕਮਜ਼ੋਰ ਸੀ ਪਰ ਧੋਨੀ ਨੇ ਉਸ ਤੋਂ ਸਰਬੋਤਮ ਪ੍ਰਦਰਸ਼ਨ ਕਰਵਾ ਲਿਆ। ਬੱਲੇਬਾਜ਼ੀ ਵਿਚ ਵੀ ਅਜਿੰਕੇ ਰਹਾਣੇ ਤੇ ਸ਼ਿਵਮ ਦੂਬੇ ਦਾ ਜਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਉਸ ਦੀ ਹਰ ਥਾਂ ਪ੍ਰਸੰਸਾ ਹੋ ਰਹੀ ਹੈ। ਟੂਰਨਾਮੈਂਟ ਵਿਚ ਧੋਨੀ ਗੋਡੇ ਦੀ ਸੱਟ ਨਾਲ ਖੇਡੇ ਹਨ। ਹੇਡਨ ਨੇ ਕਿਹਾ ਕਿ ਧੋਨੀ ਸਕਾਰਾਤਮਕ ਕਪਤਾਨ ਹਨ। ਤਾਮਿਲਨਾਡੂ ਕ੍ਰਿਕਟ ਸੰਘ ਤੇ ਉਸ ਦੀ ਟੀਮ ਵਿਚਾਲੇ ਤਾਲਮੇਲ ਮਜ਼ਬੂਤ ਹੈ ਤੇ ਟੀਮ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਦੀ ਕੜੀ ਵੀ ਹੈ। ਹਰ ਟੀਚੇ ਨੂੰ ਹਾਸਲ ਕਰਨ ਦੀ ਇਕ ਪ੍ਰਕਿਰਿਆ ਹੁੰਦੀ ਹੈ ਤੇ ਉਸ ਨੇ ਪਹਿਲਾਂ ਭਾਰਤੀ ਟੀਮ ਦੇ ਨਾਲ ਤੇ ਹੁਣ ਸੀਐੱਸਕੇ ਨਾਲ ਇਹ ਕਰ ਕੇ ਦਿਖਾਇਆ ਹੈ। ਧੋਨੀ ਅਗਲੇ ਸਾਲ ਆਈਪੀਐੱਲ ਵਿਚ ਖੇਡਣਗੇ ਜਾਂ ਨਹੀਂ ਅਜੇ ਇਹ ਨਹੀਂ ਕਿਹਾ ਜਾ ਸਕਦਾ ਪਰ ਮੈਨੂੰ ਲਗਦਾ ਹੈ ਕਿ ਉਹ ਨਹੀਂ ਖੇਡਣਗੇ।