ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਨੈਸ਼ਨਲ ਬੈਂਕ ਜ਼ੋਨਲ ਦਫ਼ਤਰ ਲੁਧਿਆਣਾ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਕਰਵਾਏ ਜਾ ਰਹੇ ਪਹਿਲੇ ਦੋ ਰੋਜ਼ਾ ਲਾਲਾ ਲਾਜਪਤ ਰਾਏ ਇੰਟਰ ਸਰਕਲ ਕ੍ਰਿਕਟ ਟੂਰਨਾਮੈਂਟ-2021 ਦੇ ਦੂਸਰੇ ਅਤੇ ਆਖ਼ਰੀ ਦਿਨ ਪਹਿਲਾ ਸੈਮੀਫਾਈਨਲ ਲੁਧਿਆਣਾ ਪੂਰਬ (ਈਸਟਰਨ ਐਲੀਗੇਟਰਜ਼) ਤੇ ਮੋਗਾ (ਮੋਗਾ ਮਾਵੇਰਿਕਸ) ਵਿਚਾਲੇ ਹੋਇਆ। ਇਸ ਮੈਚ 'ਚ ਮੋਗਾ ਮਾਵੇਰਿਕਸ ਨੇ 10 ਓਵਰਾਂ 'ਚ ਨੌਂ ਵਿਕਟਾਂ 'ਤੇ 135 ਦੌੜਾਂ ਬਣਾਈਆਂ ਜਦੋਂਕਿ ਲੁਧਿਆਣਾ ਪੂਰਬ (ਈਸਟਰਨ ਐਲੀਗੇਟਰਜ) ਨੇ 9.3 ਓਵਰਾਂ 'ਚ ਪੰਜ ਵਿਕਟਾਂ 'ਤੇ 136 ਦੌੜਾਂ ਬਣਾ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ 'ਚ ਉਸ ਦਾ ਮੁਕਾਬਲਾ ਦੂਜੇ ਸੈਮੀਫਾਈਨਲ ਦੇ ਜੇਤੂ ਫ਼ਾਜ਼ਲਿਕਾ ਫਾਇਰਬਾਲਜ਼ ਨਾਲ ਹੋਇਆ।

ਫਾਈਨਲ 'ਚ ਫਾਇਰਬਾਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 186 ਦੌੜਾਂ ਬਣਾਈਆਂ ਜਦੋਂਕਿ ਵਿਰੋਧੀ ਟੀਮ ਲੁਧਿਆਣਾ ਪੂਰਬ (ਈਸਟਰਨ ਐਲੀਗੇਟਰਜ਼) ਨੇ ਵੀ ਸਖ਼ਤ ਮੁਕਾਬਲਾ ਦਿੱਤਾ ਪਰ ਉਹ 164 ਦੌੜਾਂ ਹੀ ਬਣਾ ਸੀ ਤੇ ਉਸ ਨੂੰ ਰਨਰਜ਼-ਅਪ ਟਰਾਫੀ ਨਾਲ ਹੀ ਸਬਰ ਕਰਨਾ ਪਿਆ। ਜਿੱਤ ਦਾ ਤਾਜ ਫ਼ਾਜ਼ਲਿਕਾ ਫਾਇਰਬਾਲਜ਼ ਦੇ ਸਿਰ ਸਜਿਆ ਜਿਸ ਨੂੰ ਲਾਲਾ ਲਾਜਪਤ ਰਾਏ ਇੰਟਰ ਸਰਕਲ ਕ੍ਰਿਕਟ ਟੂਰਨਾਮੈਂਟ ਜਿੱਤਣ ਦਾ ਮਾਣ ਹਾਸਲ ਹੋਇਆ। ਇਸ ਮੌਕੇ ਸੁਮੰਤ ਮੋਹੰਤੀ ਜ਼ੋਨਲ ਮੈਨੇਜਰ ਲੁਧਿਆਣਾ, ਦਲਜੀਤ ਸਿੰਘ (ਡੀਜੀਐੱਮ ਲੁਧਿਆਣਾ ਜ਼ੋਨਲ), ਜਗਜੀਤ ਸਿੰਘ (ਡੀਜੀਐੱਮ ਲੁਧਿਆਣਾ ਜ਼ੋਨਲ) ਅਤੇ ਜਤਿੰਦਰ ਮਨਕੋਟੀਆ ਮੰਡਲ ਪ੍ਰਮੁੱਖ (ਲੁਧਿਆਣਾ ਪੂਰਬ ਮੰਡਲ) ਨੇ ਫ਼ਾਜ਼ਲਿਕਾ ਫਾਇਰਬਾਲਜ ਦੀ ਜੇਤੂ ਟੀਮ ਅਤੇ ਲੁਧਿਆਣਾ ਪੂਰਬ (ਈਸਟਰਨ ਐਲੀਗੇਟਰਜ਼) ਦੇ ਕਪਤਾਨ ਦਿਨੇਸ਼ ਕੁਮਾਰ ਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਅਸ਼ੋਕ ਅਰੋੜਾ, ਰੋਹਿਤ ਕੱਕੜ, ਨਵੀਨ ਬਾਂਸਲ, ਪੁਰਸ਼ੋਤਮ, ਰੋਹਿਤ ਜੁਨੇਜਾ, ਸੰਜੀਵ ਸਿੰਗਲਾ ਅਤੇ ਨਰੇਸ਼ ਸ਼ਾਰਦਾ ਵੀ ਹਾਜ਼ਰ ਸਨ।