ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ ਦੀ ਗਵਰਨਿੰਗ ਕੌਂਸਲ ਨੇ ਟੀਮ ਮਾਲਕਾਂ ਦੇ ਨਾਲ ਖਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਮੈਚ ਦੌਰਾਨ ਮੌਜੂਦ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉਨ੍ਹਾਂ ਨੂੰ ਖ਼ਾਸ ਪ੍ਰੋਟੋਕਾਲ ਦਾ ਪਾਲਣ ਕਰਨਾ ਪਵੇਗਾ। ਆਈਪੀਐੱਲ ਗਵਰਨਿੰਗ ਕੌਂਸਲ ਵੱਲੋਂ ਬਣਾਏ ਗਏ ਨਿਯਮਾਂ ਮੁਤਾਬਕ ਟੀਮ ਮਾਲਕ ਤੇ ਖਿਡਾਰੀਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਟੇਡੀਅਮਾਂ ਵਿਚ ਇਕ ਖ਼ਾਸ ਥਾਂ ਮੁਹੱਈਆ ਕਰਵਾਈ ਜਾਵੇਗੀ।

ਉਸ ਥਾਂ ਨੂੰ ਛੱਡ ਕੇ ਉਨ੍ਹਾਂ ਨੂੰ ਸਟੇਡੀਅਮ ਦੇ ਕਿਸੇ ਹੋਰ ਹਿੱਸੇ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਟੇਡੀਅਮ ਵਿਚ ਮੌਜੂਦ ਰਹਿਣ ਵਾਲੇ ਟੀਮ ਮਾਲਿਕ ਜਾਂ ਪਰਿਵਾਰ ਦੇ ਮੈਂਬਰ ਖਿਡਾਰੀਆਂ ਨੂੰ ਵੀ ਨਹੀਂ ਮਿਲ ਸਕਣਗੇ।

ਆਈਪੀਐੱਲ ਦੀ ਗਵਰਨਿੰਗ ਕੌਂਸਲ ਦੇ ਨਿਯਮਾਂ ਦੇ ਤਹਿਤ ਸਟੇਡੀਅਮ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਬਾਇਓ ਬਬਲ (ਖਿਡਾਰੀਆਂ ਦੇ ਖੇਡਣ ਲਈ ਬਣਾਏ ਗਏ ਨਿਯਮਾਂ ਦੇ ਤਹਿਤ ਸੁਰੱਖਿਅਤ ਮਾਹੌਲ) ਵਿਚ ਰਹਿਣਾ ਪਵੇਗਾ। ਟੀਮ ਮਾਲਕਾਂ ਲਈ ਕੁਝ ਢਿੱਲ ਵਰਤੀ ਗਈ ਹੈ ਤੇ ਕੁਝ ਆਪਣੀ ਟੀਮ ਨਾਲ ਰਹਿ ਕੇ ਛੇ ਦਿਨ ਦਾ ਕੁਆਰੰਟਾਈਨ ਪੂਰਾ ਕਰ ਰਹੇ ਹਨ।