ਨਵੀਂ ਦਿੱਲੀ (ਪੀਟੀਆਈ) : ਹੋ ਸਕਦਾ ਹੈ ਕਿ ਭਾਰਤ ਟੀ-20 ਵਿਸ਼ਵ ਕੱਪ ਫਾਈਨਲ ਦੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੌਰਾਨ ਆਪਣੇ ਜ਼ਿਆਦਾਤਰ ਖਿਡਾਰੀਆਂ ਨੂੰ ਆਰਾਮ ਦੇਵੇ। ਉਮੀਦ ਹੈ ਕਿ ਘਰੇਲੂ ਜ਼ਮੀਨ 'ਤੇ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੀ-20 ਮੈਚਾਂ ਵਿਚ ਇਕ ਨੌਜਵਾਨ ਟੀਮ ਮੈਦਾਨ 'ਤੇ ਉਤਰੇਗੀ ਜਿਸ ਵਿਚ ਜ਼ਿਆਦਾਤਰ ਆਈਪੀਐੱਲ ਵਿਚ ਸ਼ਾਨਦਾਰ ਪ੍ਰਦਰਸਨ ਕਰਨ ਵਾਲੇ ਖਿਡਾਰੀ ਹੋਣਗੇ। ਨਿਊਜ਼ੀਲੈਂਡ ਦੀ ਟੀਮ ਨਵੰਬਰ-ਦਸੰਬਰ ਵਿਚ ਭਾਰਤ ਦੌਰੇ ਦੌਰਾਨ ਤਿੰਨ ਟੀ-20 ਮੈਚਾਂ ਤੋਂ ਇਲਾਵਾ ਦੋ ਟੈਸਟ ਮੈਚ ਵੀ ਖੇਡੇਗੀ। ਚੋਟੀ ਦੇ ਭਾਰਤੀ ਖਿਡਾਰੀ ਜਿਵੇਂ ਕਪਤਾਨ ਵਿਰਾਟ ਕੋਹਲੀ, ਉੱਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਜੂਨ ਵਿਚ ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਬਾਇਓ-ਬਬਲ (ਕੋਰੋਨੋ ਤੋਂ ਬਚਾਅ ਲਈ ਸੁਰੱਖਿਅਤ ਮਾਹੌਲ) ਵਿਚ ਰਹਿ ਰਹੇ ਹਨ। ਇਸ ਵਿਚ ਇੰਗਲੈਂਡ ਵਿਚ ਬਾਇਓ-ਬਬਲ ਕਾਫੀ ਘੱਟ ਬੰਦਿਸ਼ਾਂ ਵਾਲਾ ਸੀ ਜਿਸ ਕਾਰਨ ਮਾਨਚੈਸਟਰ ਵਿਚ ਪੰਜਵਾਂ ਟੈਸਟ ਭਾਰਤੀ ਖੇਮੇ ਵਿਚ ਕੋਵਿਡ-19 ਮਾਮਲੇ ਆਉਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਚੋਣ ਕਮੇਟੀ ਵਿਚ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਕਿਹਾ ਕਿ ਜ਼ਿਆਦਾਤਰ ਭਾਰਤੀ ਸੀਨੀਅਰ ਖਿਡਾਰੀ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਤਿੰਨ ਬਾਇਓ ਬਾਇਓ-ਬਬਲ ਵਿਚ ਰਹੇ ਹਨ। ਸੰਭਾਵਨਾ ਹੈ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਤੁਸੀਂ ਚਾਹੋਗੇ ਕਿ ਉਹ ਆਰਾਮ ਲੈ ਕੇ ਦਸੰਬਰ ਦੇ ਅੰਤ ਵਿਚ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਤਰੋਤਾਜ਼ਾ ਹੋ ਜਾਣਗੇ। ਇਹ ਪਹਿਲਾਂ ਤੋਂ ਹੀ ਤੈਅ ਹੈ ਕਿ ਕੋਹਲੀ, ਜਸਪ੍ਰਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ। ਰੋਹਿਤ ਵੀ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਤੋਂ ਬਾਅਦ ਤੋਂ ਲਗਾਤਾਰ ਖੇਡ ਰਹੇ ਹਨ, ਉਨ੍ਹਾਂ ਨੂੰ ਵੀ ਆਰਾਮ ਦੀ ਲੋੜ ਪਵੇਗੀ ਪਰ ਕੋਹਲੀ ਦੇ ਟੀ-20 ਕਪਤਾਨੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਦੇਖਣਾ ਪਵੇਗਾ ਕਿ ਕਾਰਜਭਾਰ ਮੈਨੇਜਮੈਂਟ ਇਸ ਸਥਿਤੀ ਨਾਲ ਕਿਵੇਂ ਨਜਿੱਠਦੀ ਹੈ। ਇਸ ਕਾਰਨ ਸੰਖੇਪ ਦੌਰੇ ਲਈ ਰੁਤੂਰਾਜ ਗਾਇਕਵਾੜ, ਹਰਸ਼ਲ ਪਟੇਲ, ਆਵੇਸ਼ ਖਾਨ ਤੇ ਵੈਂਕਟੇਸ਼ ਅਈਅਰ ਨੂੰ ਅਜ਼ਮਾਇਆ ਜਾ ਸਕਦਾ ਹੈ।

ਦ੍ਰਾਵਿੜ ਬਣ ਸਕਦੇ ਹਨ ਆਰਜ਼ੀ ਕੋਚ :

ਇਸ ਗੱਲ ਨੂੰ ਲੈ ਕੇ ਕਿਆਸ ਅਰਾਈਆਂ ਦਾ ਦੌਰ ਜਾਰੀ ਹੈ ਕਿ ਨਿਊਜ਼ੀਲੈਂਡ ਸੀਰੀਜ਼ ਦੌਰਾਨ ਰਾਹੁਲ ਦ੍ਰਾਵਿੜ ਆਰਜ਼ੀ ਕੋਚ ਹੋਣਗੇ। ਰਵੀ ਸ਼ਾਸਤਰੀ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਨਾਲ ਹੀ ਖ਼ਤਮ ਹੋ ਰਿਹਾ ਹੈ। ਹਾਲਾਂਕਿ ਰਾਸ਼ਟਰੀ ਕ੍ਰਿਕਟ ਅਕੈਡਮੀ ਮੁਖੀ ਦ੍ਰਾਵਿੜ ਨੂੰ ਅਗਲੇ ਸਾਲ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਖ਼ਾਕਾ ਵੀ ਤਿਆਰ ਕਰਨਾ ਪਵੇਗਾ। ਬੀਸੀਸੀਆਈ ਨੂੰ ਯਕੀਨ ਹੈ ਕਿ ਉਹ ਸਮੇਂ 'ਤੇ ਨਵਾਂ ਕੋਚ ਨਿਯੁਕਤ ਕਰ ਦੇਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮਦਨ ਲਾਲ ਨੂੰ ਕ੍ਰਿਕਟ ਸਲਾਹਕਾਰ ਕਮੇਟੀ ਤੋਂ ਹਟਾਉਣਾ ਪਵੇਗਾ ਕਿਉਂਕਿ ਉਹ 70 ਸਾਲ ਤੋਂ ਵੱਧ ਉਮਰ ਦੇ ਹਨ ਤੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਉਮਰ ਸਬੰਧੀ ਪਾਬੰਦੀਆਂ ਜ਼ਰੂਰੀ ਹਨ।