ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਇਆਨ ਚੈਪਲ ਨੇ ਕਿਹਾ ਕਿ ਭਾਰਤ ਨੇ ਚੇਨਈ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਸਪਿੰਨ ਖੇਡਣ ਵਿਚ ਇੰਗਲੈਂਡ ਦੀ ਕਮਜ਼ੋਰੀ ਦੀ ਪਛਾਣ ਕਰ ਕੇ ਤੀਜੇ ਟੈਸਟ ਵਿਚ ਇਸ ਨੂੰ ਆਪਣੇ ਫ਼ਾਇਦੇ ਵਾਂਗ ਇਸਤੇਮਾਲ ਕੀਤਾ ਜਿਸ ਨਾਲ ਗੁਲਾਬੀ ਗੇਂਦ ਨਾਲ ਮਹਿਮਾਨ ਟੀਮ ਦੋ ਦਿਨ ਅੰਦਰ ਮੈਚ ਗੁਆ ਬੈਠੀ। ਸਪਿੰਨਰਾਂ ਅਕਸ਼ਰ ਪਟੇਲ ਤੇ ਰਵੀਚੰਦਰਨ ਅਸ਼ਵਿਨ ਨੇ ਕ੍ਰਮਵਾਰ 11 ਤੇ ਸੱਤ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ 112 ਤੇ ਦੂਜੀ ਪਾਰੀ ਵਿਚ 81 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਭਾਰਤ ਨੇ 10 ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ।

ਚੈਪਲ ਨੇ ਕਿਹਾ ਕਿ ਭਾਰਤ ਨੇ ਟੈਸਟ ਵਿਚ ਤਿੰਨ ਸਪਿੰਨਰਾਂ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ ਕਿਉਂਕਿ ਚੇਨਈ ਦੀ ਪਿੱਚ 'ਤੇ ਜੋ ਰੂਟ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਸਪਿੰਨ ਖ਼ਿਲਾਫ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਭਾਰਤ ਨੇ ਇਸ ਦਾ ਸਹੀ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹੋਏ ਇਸ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਚੇਨਈ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਇੰਗਲੈਂਡ ਦੀ ਪਾਰੀ ਸਸਤੇ ਵਿਚ ਇਸ ਲਈ ਸਿਮਟੀ ਕਿਉਂਕਿ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਆਪਣੀ ਰੱਖਿਆਤਮਕ ਖੇਡ 'ਤੇ ਯਕੀਨ ਨਹੀਂ ਸੀ।

ਇਸ ਸਾਬਕਾ ਦਿੱਗਜ ਨੇ ਕਿਹਾ ਕਿ ਜਦ ਸਪਿੰਨ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਪਣੀ ਰੱਖਿਆਤਮਕ ਖੇਡ 'ਤੇ ਯਕੀਨ ਨਹੀਂ ਰਿਹਾ ਜਿਸ ਕਾਰਨ ਉਨ੍ਹਾਂ ਨੇ ਭਾਰਤੀ ਸਪਿੰਨਰਾਂ ਖ਼ਿਲਾਫ਼ ਹਮਲਾਵਰ ਰੁਖ਼ ਅਪਨਾਉਣ ਦੀ ਕੋਸ਼ਿਸ਼ ਕੀਤੀ। ਉਹ ਕ੍ਰੀਜ਼ 'ਚੋਂ ਬਾਹਰ ਨਿਕਲ ਕੇ ਖੇਡਣ ਦੀ ਥਾਂ ਰਿਵਰਸ ਸਵੀਪ ਦਾ ਸਹਾਰਾ ਲੈ ਰਹੇ ਸਨ। ਪਹਿਲਾਂ ਤੋਂ ਮਨ ਬਣਾ ਕੇ ਖੇਡੇ ਗਏ ਜੋਖ਼ਮ ਵਾਲੇ ਸ਼ਾਟ ਚੰਗੇ ਸਪਿੰਨਰਾਂ ਦੀ ਲੈਅ ਨੂੰ ਖ਼ਰਾਬ ਨਹੀਂ ਕਰ ਸਕੇ। ਕਦਮਾਂ ਦੇ ਬਿਹਤਰ ਇਸਤੇਮਾਲ ਨਾਲ ਸਪਿੰਨ ਦੇ ਅਸਰ ਨੂੰ ਘੱਟ ਕਰਨ ਨਾਲ ਬੱਲੇਬਾਜ਼ ਕੋਲ ਮਨ ਮੁਤਾਬਕ ਥਾਂ 'ਤੇ ਸ਼ਾਟ ਖੇਡਣ ਦਾ ਬਦਲ ਹੁੰਦਾ ਹੈ। ਇਹ ਅਜਿਹੀ ਯੋਗਤਾ ਹੈ ਜਿਸ ਨੂੰ ਖੇਡ ਦੇ ਸ਼ੁਰੂਆਤੀ ਦਿਨਾਂ 'ਚ ਸਿੱਖਿਆ ਜਾਂਦਾ ਹੈ।