ਨਵੀਂ ਦਿੱਲੀ (ਪੀਈਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀ-20 ਕਪਤਾਨ ਹਰਮਨਪ੍ਰਰੀਤ ਕੌਰ ਸਮੇਤ ਚਾਰ ਮਹਿਲਾ ਕ੍ਰਿਕਟਰਾਂ ਨੂੰ ਜੁਲਾਈ ਵਿਚ ਬਰਤਾਨੀਆ ਵਿਚ ਹੋਣ ਵਾਲੇ ਪਹਿਲੇ ਦ ਹੰਡਰਡ ਲੀਗ ਵਿਚ ਖੇਡਣ ਲਈ ਇਤਰਾਜ਼ ਨਹੀਂ (ਐੱਨਓਸੀ) ਦੇ ਦਿੱਤੀ ਹੈ। ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਤੇ ਦੀਪਤੀ ਸ਼ਰਮਾ ਵੀ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ 100 ਗੇਂਦਾਂ ਦੇ ਟੂਰਨਾਮੈਂਟ ਵਿਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ। ਚੌਥੀ ਖਿਡਾਰਨ ਦਾ ਨਾਂ ਅਜੇ ਪਤਾ ਨਹੀਂ ਲੱਗਾ ਹੈ। ਬੀਸੀਸੀਆਈ ਦੇ ਸੂਤਰਾਂ ਨੇ ਕਿਹਾ ਕਿ ਹਰਮਨਪ੍ਰਰੀਤ, ਮੰਧਾਨਾ, ਦੀਪਤੀ ਤੇ ਇਕ ਹੋਰ ਖਿਡਾਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬੀਸੀਸੀਆਈ ਨੇ ਉਨ੍ਹਾਂ ਨੂੰ ਐੱਨਓਸੀ ਦਿੱਤੀ ਹੈ। ਪਤਾ ਲੱਗਾ ਹੈ ਕਿ ਇਹ ਚਾਰ ਖਿਡਾਰਨਾਂ ਜੂਨ-ਜੁਲਾਈ ਵਿਚ ਇੰਗਲੈਂਡ ਦੌਰੇ ਤੋਂ ਬਾਅਦ ਬਰਤਾਨੀਆ ਵਿਚ ਹੀ ਰਹਿਣਗੀਆਂ। ਭਾਰਤੀ ਦੌਰੇ ਦੀ ਸ਼ੁਰੂਆਤ 16 ਜੂਨ ਨੂੰ ਇੱਕੋ ਇਕ ਟੈਸਟ ਮੈਚ ਨਾਲ ਹੋਵੇਗੀ। ਇਹ ਦੌਰਾ 15 ਜੁਲਾਈ ਨੂੰ ਤੀਜੇ ਤੇ ਆਖ਼ਰੀ ਟੀ-20 ਅੰਤਰਰਾਸ਼ਤਰੀ ਨਾਲ ਖ਼ਤਮ ਹੋਵੇਗਾ।