ਨਵੀਂ ਦਿੱਲੀ (ਪੀਟੀਆਈ) : ਆਈਪੀਐੱਲ ਚੇਅਰਮੈਨ ਬਿ੍ਜੇਸ਼ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਬੀਸੀਸੀਆਈ ਬਾਇਓ-ਬਬਲ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ 'ਤੇ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਵਿਦੇਸ਼ੀ ਖਿਡਾਰੀਆਂ ਦੀ ਵਾਪਸੀ ਦਾ ਰਾਹ ਲੱਭ ਲਵੇਗਾ। ਵਿਦੇਸ਼ੀ ਖਿਡਾਰੀ ਕਿਵੇਂ ਵਾਪਸ ਜਾਣਗੇ ਇਸ ਬਾਰੇ ਪੁੱਛੇ ਜਾਣ 'ਤੇ ਪਟੇਲ ਨੇ ਕਿਹਾ ਕਿ ਸਾਨੂੰ ਉਨ੍ਹਾਂ ਨੂੰ ਵਾਪਸ ਦੇਸ਼ ਭੇਜਣ ਦੀ ਲੋੜ ਹੈ ਤੇ ਅਸੀਂ ਅਜਿਹਾ ਕਰਨ ਦਾ ਤਰੀਕਾ ਲੱਭ ਲਵਾਂਗੇ। ਇਸ ਸ਼ਾਨਦਾਰ ਲੀਗ ਨਾਲ ਜੁੜੇ ਵਿਦੇਸ਼ੀ ਖਿਡਾਰੀ ਆਪਣੇ ਦੇਸ਼ਾਂ ਵਿਚ ਮੁੜਨ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਭਾਰਤ ਵਿਚ ਮਹਾਮਾਰੀ ਫੈਲਣ ਕਾਰਨ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ ਹਨ। ਬੀਸੀਸੀਆਈ ਇਸ ਤੋਂ ਪਹਿਲਾਂ ਵੀ ਵਿਦੇਸ਼ੀ ਖਿਡਾਰੀਆਂ ਦੀ ਸੁਰੱਖਿਅਤ ਵਾਪਸੀ ਦਾ ਯਕੀਨ ਦਿਵਾ ਚੁੱਕਾ ਹੈ।

ਇਹ ਵਿਦੇਸ਼ੀ ਕ੍ਰਿਕਟ ਹਨ ਭਾਰਤ 'ਚ :

ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਤਿੰਨ ਖਿਡਾਰੀਆਂ ਦੇ ਲਾਂਭੇ ਹੋਣ ਤੋਂ ਬਾਅਦ ਆਈਪੀਐੱਲ ਵਿਚ ਇਸ ਦੇਸ਼ ਦੇ 14, ਨਿਊਜ਼ੀਲੈਂਡ ਦੇ 10 ਤੇ ਇੰਗਲੈਂਡ ਦੇ 10 ਖਿਡਾਰੀ ਬਚੇ ਹਨ। ਦੱਖਣੀ ਅਫਰੀਕਾ ਦੇ 11, ਵੈਸਟਇੰਡੀਜ਼ ਦੇ ਨੌਂ, ਅਫ਼ਗਾਨਿਸਤਾਨ ਦੇ ਤਿੰਨ ਤੇ ਬੰਗਲਾਦੇਸ਼ ਦੇ ਦੋ ਖਿਡਾਰੀ ਵੀ ਆਈਪੀਐੱਲ ਲਈ ਭਾਰਤ ਵਿਚ ਹਨ।

ਨਿਊਜ਼ੀਲੈਂਡ ਕ੍ਰਿਕਟ ਨੂੰ ਹੈ ਬੀਸੀਸੀਆਈ 'ਤੇ ਯਕੀਨ

ਨਵੀਂ ਦਿੱਲੀ (ਪੀਟੀਆਈ) : ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਹੋਏ ਆਈਪੀਐੱਲ ਨਾਲ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਵਿਚ ਬੀਸੀਸੀਆਈ 'ਤੇ ਯਕੀਨ ਕੀਤਾ ਹੈ। ਈਐੱਸਪੀਐੱਨ ਕ੍ਰਿਕਇਨਫੋ ਨੇ ਐੱਨਜ਼ੈੱਡਸੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਖਿਡਾਰੀ ਸੰਭਵ ਤੌਰ 'ਤੇ ਸੁਰੱਖਿਅਤ ਮਾਹੌਲ ਵਿਚ ਹਨ ਤੇ ਪ੍ਰਭਾਵਿਤ ਟੀਮਾਂ ਦੇ ਖਿਡਾਰੀ ਕੁਆਰੰਟਾਈਨ ਵਿਚ ਹਨ। ਹਾਲਾਤ ਦੀ ਮੈਨੇਜਮੈਂਟ ਲਈ ਅਸੀਂ ਬੀਸੀਸੀਆਈ, ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਤੇ ਨਿਊਜ਼ੀਲੈਂਡ ਸਰਕਾਰ ਦੇ ਅਧਿਕਾਰੀਆਂ ਨਾਲ ਕੰਮ ਕਰਦੇ ਰਹਾਂਗੇ ਪਰ ਇਸ ਸਮੇਂ ਸੰਭਾਵਿਤ ਬਦਲਾਂ ਬਾਰੇ ਚਰਚਾ ਕਰਨਾ ਜਲਦਬਾਜ਼ੀ ਹੋਵੇਗੀ।