ਕੋਲਕਾਤਾ (ਏਐੱਨਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਨਿਆ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਇੰਗਲੈਂਡ ਦੀ ਟੀਮ ਭਾਰਤ ਦੌਰੇ 'ਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਹਾਲਾਂਕਿ ਸਾਬਕਾ ਕਪਤਾਨ ਨੇ ਇਹ ਨਹੀਂ ਦੱਸਿਆ ਕਿ ਅਹਿਮਦਾਬਾਦ ਇੰਗਲੈਂਡ ਖ਼ਿਲਾਫ਼ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਕਰੇਗਾ ਜਾਂ ਨਹੀਂ ਪਰ ਉਨ੍ਹਾਂ ਕਿਹਾ ਕਿ ਇਹ ਕਾਫੀ ਲੰਬਾ ਦੌਰਾ ਹੋਵੇਗਾ ਜਿਸ 'ਚ ਚਾਰ ਟੈਸਟ, ਤਿੰਨ ਵਨਡੇ ਤੇ ਪੰਜ ਟੀ-20 ਮੈਚ ਖੇਡੇ ਜਾਣਗੇ।

ਵਿਸ਼ਵ ਕੱਪ 2023 ਪੱਕੇ ਤੌਰ 'ਤੇ ਯੋਜਨਾ ਦਾ ਹਿੱਸਾ : ਟੇਲਰ

ਆਕਲੈਂਡ (ਪੀਟੀਆਈ) : ਨਿਊਜ਼ੀਲੈਂਡ ਦੇ ਬੱਲੇਬਾਜ਼ ਰਾਸ ਟੇਲਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਹੋਣ ਵਾਲਾ 2023 ਵਿਸ਼ਵ ਕੱਪ ਪੱਕੇ ਤੌਰ 'ਤੇ ਉਨ੍ਹਾਂ ਦੀ ਯੋਜਨਾ 'ਚ ਸ਼ਾਮਲ ਹੈ ਕਿਉਂਕਿ ਕੋਵਿਡ-19 ਕਾਰਨ ਲੱਗੀ ਬ੍ਰੇਕ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਟੀਚੇ 'ਚ ਆਪਣੇ ਕਰੀਅਰ ਨੂੰ ਲੰਬਾ ਕਰਨ ਦੀ ਉਮੀਦ ਹੈ। 36 ਸਾਲਾ ਟੇਲਰ ਨੇ ਮੰਨਿਆ ਕਿ ਤਿੰਨ ਸਾਲ ਹੋਰ ਖੇਡਣਾ ਉਨ੍ਹਾਂ ਲਈ ਚੁਣੌਤੀ ਹੋਵੇਗਾ, ਜਿਸ ਤੋਂ ਬਾਅਦ ਉਹ ਵਿਸ਼ਵ ਕੱਪ ਨੂੰ ਅਲਵਿਦਾ ਕਹਿਣਾ ਚਾਹੁਣਗੇ।

ਸਾਰਾ ਨੇ ਮਹਿਲਾ ਬਿੱਗ ਬੈਸ਼ ਤੋਂ ਲਿਆ ਸੰਨਿਆਸ

ਸਿਡਨੀ (ਆਈਏਐੱਨਐੱਸ) : ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟਰ ਸਾਰਾ ਏਲੇ ਨੇ ਇੰਸਟਾਗ੍ਰਾਮ ਜ਼ੀਰਏ ਮਹਿਲਾ ਬਿੱਗ ਬੈਸ਼ ਲੀਗ (ਡਬਲਯੂਬੀਬੀਐੱਲ) ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸਾਰਾ ਨੇ ਲਿਖਿਆ ਕਿ ਉਨ੍ਹਾਂ ਨੇ ਸਿਡਨੀ ਸਿਕਸਰਸ ਲਈ ਆਪਣਾ ਆਖ਼ਰੀ ਡਬਲਯੂਬੀਬੀਐੱਲ ਮੈਚ ਖੇਡਿਆ।

ਧੋਨੀ ਦੇ ਮੈਂਟਰ ਰਹੇ ਦੇਵਲ ਸਹਾਏ ਦਾ ਦੇਹਾਂਤ

ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ਨੂੰ ਦੋ ਵਾਰ ਵਿਸ਼ਵ ਕੱਪ ਜੇਤੂ ਬਣਾਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮੈਂਟਰ ਦੇਵਲ ਸਹਾਏ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਸਹਾਏ ਨੂੰ ਰਾਂਚੀ 'ਚ ਪਹਿਲੀ ਟਰਫ ਪਿਚ ਤਿਆਰ ਕਰਨ ਦਾ ਸਿਹਰਾ ਜਾਂਦਾ ਹੈ। ਉਹ 73 ਸਾਲਾਂ ਦੇ ਸਨ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਨੌਂ ਅਕਤੂਬਰ ਨੂੁੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।