ਜੇਐੱਨਐੱਨ, ਨਵੀਂ ਦਿੱਲੀ : ਅਜੋਕੇ ਦੌਰ 'ਚ ਬੈਂਕ ਖਾਤਾ ਖੁੱਲ੍ਹਵਾਉਣ ਸਮੇਂ, ਨਵਾਂ ਸਿਮ ਲੈਂਦੇ ਸਮੇਂ ਤੇ ਹੋਰ ਕਈ ਸਾਰੀਆਂ ਸਹੂਲਤਾਂ ਦਾ ਲਾਭ ਉਠਾਉਣ ਲਈ ਤੁਹਾਨੂੰ ਆਪਣਾ ਆਧਾਰ ਅਥੈਂਟੀਕੇਟ ਕਰਨਾ ਪੈਂਦਾ ਹੈ। ਇੱਥੋਂ ਤਕ ਕਿ ਆਧਾਰ ਦੀ ਪੁਸ਼ਟੀ ਸਮੇਤ ਦੂਸਰੇ ਖਾਤਿਆਂ 'ਚ ਰੁਪਏ ਵੀ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਲਈ ਵੱਡੀ ਗਿਣਤੀ 'ਚ ਲੋਕ ਆਧਾਰ ਨੰਬਰ ਦੀ ਦੁਰਵਰਤੋਂ ਦੇ ਖਦਸ਼ੇ ਤੋਂ ਪਰੇਸ਼ਾਨ ਰਹਿੰਦੇ ਹਨ। ਕਾਫ਼ੀ ਹੱਦ ਤਕ ਉਨ੍ਹਾਂ ਦਾ ਪਰੇਸ਼ਾਨ ਹੋਣਾ ਜਾਇਜ਼ ਵੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਡੈਟਾ ਹੀ ਸਭ ਤੋਂ ਵੱਡੀ ਐਸੇਟ ਸਾਬਿਤ ਹੋਣ ਵਾਲਾ ਹੈ। ਇਨ੍ਹਾਂ ਫੀਚਰਜ਼ ਨੂੰ ਦੇਖਦੇ ਹੋਏ ਯੂਆਈਡੀਏਆਈ ਨੇ ਆਧਾਰ ਨੰਬਰ ਲੌਕ ਤੇ ਅਨਲੌਕ ਕਰਨ ਦਾ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਇਸਤੇਮਾਲ ਜ਼ਰੀਏ ਤੁਸੀਂ ਇਸ ਪਰੇਸ਼ਾਨੀ ਤੇ ਆਧਾਰ ਨੰਬਰ ਦੀ ਦੁਰਵਰਤੋਂ ਦੇ ਕਿਸੇ ਵੀ ਤਰ੍ਹਾਂ ਦੇ ਖਦਸ਼ੇ ਤੋਂ ਮੁਕਤ ਹੋ ਸਕਦੇ ਹੋ।

ਇੰਝ ਕਰ ਸਕਦੇ ਹੋ ਆਧਾਰ ਨੂੰ ਲੌਕ ਜਾਂ ਅਨਲੌਕ

ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਨੂੰ ਲੌਕ ਤੇ ਅਨਲੌਕ ਕਰਨ ਲਈ ਬਹੁਤ ਹੀ ਸਰਲ ਪ੍ਰਕਿਰਿਆ ਰੱਖੀ ਹੈ। ਤੁਸੀਂ ਆਨਲਾਈਨ ਜਾਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮੈਸੇਜ ਕਰ ਕੇ ਇਸ ਸਹੂਲਤ ਨੂੰ ਸ਼ੁਰੂ ਜਾਂ ਬੰਦ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਮੈਸੇਜ ਜ਼ਰੀਏ ਆਧਾਰ ਕਾਰਡ ਪੁਸ਼ਟੀ ਨੂੰ ਲੌਕ ਕਰਨ ਦੀ ਸਟੈੱਪ-ਬਾਈ-ਸਟੈੱਪ ਪ੍ਰਕਿਰਿਆ :

  • ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਕ ਤੈਅਸ਼ੁਦਾ ਫਾਰਮੈਟ ਤਹਿਤ 1947 'ਤੇ ਐੱਸਐੱਮਐੱਸ ਭੇਜ ਕੇ ਓਟੀਪੀ ਹਾਸਿਲ ਕਰੋ। ਆਪਣੇ ਮੋਬਾਈਲ ਨੰਬਰ ਦੇ ਰਾਈਟ ਮੈਸੇਜ ਬਾਕਸ 'ਚ ਜਾ ਕੇ ਟਾਈਪ ਕਰੋ- GETOTP ਆਧਾਰ ਨੰਬਰ ਦੇ ਆਖ਼ਰੀ ਚਾਰ ਅੰਕ। ਉਦਾਹਰਨ ਲਈ ਜੇਕਰ ਤੁਹਾਡਾ ਆਧਾਰ ਨੰਬਰ 4056 6530 2035 ਹੈ ਤਾਂ ਤੁਹਾਨੂੰ 1947 ਨੰਬਰ 'ਤੇ GETOTP 2035 ਲਿਖ ਕੇ ਮੈਸੇਜ ਭੇਜਣਾ ਪਵੇਗਾ।
  • ਇਸ ਮੈਸੇਜ ਦੇ ਜਵਾਬ 'ਚ ਯੂਆਈਡੀਏਆਈ ਤੁਹਾਨੂੰ ਓਟੀਪੀ ਮੈਸੇਜ ਭੇਜੇਗਾ। ਓਟੀਪੀ ਛੇ ਅੰਕਾਂ ਦਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ LOCKUID ਆਧਾਰ ਨੰਬਰ ਦੇ ਆਖ਼ਰੀ ਚਾਰ ਅੰਕ ਛੇ ਅੰਕ ਦਾ ਓਟੀਪੀ ਨੰਬਰ ਦੇ ਫਾਰਮੈਟ 'ਚ ਮੈਸੇਜ ਭੇਜਣਾ ਪਵੇਗਾ।

ਇਸ ਤੋਂ ਬਾਅਦ ਯੂਆਈਡੀਏਆਈ ਤੁਹਾਡਾ ਆਧਾਰ ਨੰਬਰ ਲੌਕ ਕਰ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਲੌਕ ਹੋਣ ਨਾਲ ਜੁੜੀ ਇਨਫੋਰਮੇਸ਼ਨ ਮਿਲ ਜਾਵੇਗੀ।

Posted By: Seema Anand