ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਤਨਖਾਹਭੋਗੀ ਮੁਲਾਜ਼ਮ ਹੋ ਤਾਂ ਤੁਹਾਨੂੰ ਇਹ ਗੱਲ ਜ਼ਰੂਰ ਪਤਾ ਹੋਵੇਗੀ ਕਿ ਲੋੜ ਪੈਣ 'ਤੇ ਕੁਝ ਵਿਸ਼ੇਸ਼ ਹਾਲਾਤ 'ਚ ਤੁਸੀਂ ਕੁਝ ਸ਼ਰਤਾਂ ਦੇ ਨਾਲ ਆਪਣੇ EPF ਅਕਾਊੰਟ 'ਚੋਂ ਪੈਸਾ ਕਢਵਾ ਸਕਦੇ ਹੋ। Employees Provident Fund Organisation (EPFO) ਇਸ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਕਈ ਵਾਰ ਸਾਨੂੰ EPF ਖਾਤੇ 'ਚੋਂ ਪੈਸਾ ਕਢਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਮੁਲਾਜ਼ਮ PF ਖਾਤੇ ਨਾਲ ਲਿੰਕ ਬੈਂਕ ਖਾਤੇ ਨੂੰ ਬੰਦ ਕਰਵਾ ਚੁੱਕੇ ਹੁੰਦੇ ਹਨ ਤੇ ਆਪਣੇ ਨਵੇਂ ਅਕਾਊਂਟ ਨੂੰ PF ਅਕਾਊਂਟ ਨਾਲ ਲਿੰਕ ਨਹੀਂ ਕਰਵਾ ਪਾਉਂਦੇ। ਅਜਿਹੇ ਵਿਚ ਜੇਕਰ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਸਹੀ ਨਹੀਂ ਹੈ ਤਾਂ ਤੁਹਾਨੂੰ PF ਅਕਾਊਂਟ 'ਚੋਂ ਰੁਪਏ ਹਾਸਲ ਕਰਨ ਵਿਚ ਦਿੱਕਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਨਵੇਂ ਬੈਂਕ ਅਕਾਊਂਟ ਦੀ ਜਾਣਕਾਰੀ ਨੂੰ PF ਖਾਤੇ ਨਾਲ ਅਪਡੇਟ ਕਰਨ ਦੇ ਪ੍ਰੋਸੈੱਸ ਬਾਰੇ...

ਇੰਝ ਕਰੋ ਅਕਾਊਂਟ ਨੂੰ ਲਿੰਕ

PF ਖਾਤੇ ਨਾਲ ਅਕਾਊਂਟ ਲਿੰਕ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਏਕੀਕ੍ਰਿਤ ਮੈਂਬਰ ਪੋਰਟਲ 'ਤੇ ਜਾਣਾ ਪਵੇਗਾ ਤੇ ਯੂਜ਼ਰਨੇਮ ਤੇ ਪਾਸਵਰਡ ਦੇ ਨਾਲ ਲਾਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ 'Manage' ਟੈਬ 'ਤੇ ਕਲਿੱਕ ਕਰਨਾ ਪਵੇਗਾ। ਉੱਤੇ ਹੀ ਤੁਹਾਨੂੰ ਡਰਾਪ ਡਾਊਨ ਮੈਨਿਊ 'ਚੋਂ 'KYC' ਦਾ ਬਦਲ ਚੁਣਨਾ ਪਵੇਗਾ। ਇਸ ਤੋਂ ਬਾਅਦ ਤੁਸੀਂ ਆਪਣਾ ਬੈਂਕ ਸਿਲੈਕਟ ਕਰੋ ਤੇ ਬੈਂਕ ਅਕਾਊਂਟ ਨੰਬਰ, ਨਾਂ ਤੇ ਆਈਐੱਫਐੱਸਸੀ ਕੋਡ (IFSC Code) ਭਰ ਕੇ 'Save' 'ਤੇ ਕਲਿੱਕ ਕਰ ਦਿਉ। ਤੁਸੀਂ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਹੈ, ਉਹ ਇਕ ਵਾਰ ਕੰਪਨੀ ਵੱਲੋਂ ਅਪਰੂਵਡ ਹੋ ਜਾਣ ਤੋਂ ਬਾਅਦ ਅਪਰੂਵਡ KYC ਸੈਕਸ਼ਨ 'ਚ ਨਜ਼ਰ ਆਵੇਗੀ ਤੇ ਇਸ ਤਰ੍ਹਾਂ ਤੁਹਾਡੇ ਨਵੇਂ ਬੈਂਕ ਖਾਤੇ ਦੀ ਜਾਣਕਾਰੀ EPF ਖਾਤੇ ਦੇ ਨਾਲ ਅਪਡੇਟ ਹੋ ਜਾਵੇਗੀ।

ਇਸ ਤੋਂ ਇਲਾਵਾ EPFO ਪੋਰਟਲ ਜ਼ਰੀਏ ਆਪਣਾ ਬੈਲੈਂਸ ਵੀ ਚੈੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ www.epfindia.gov.in 'ਤੇ ਜਾਣਾ ਪਵੇਗਾ ਤੇ ਉੱਥੋਂ ਤੁਹਾਨੂੰ 'Our Services' ਟੈਬ 'ਚੋਂ 'For Employees' ਦੀ ਆਪਸ਼ਨ 'ਤੇ ਕਲਿੱਕ ਕਰਨਾ ਪਵੇਗਾ। 'Our Services' ਟੈਬ 'ਚ ਤੁਹਾਨੂੰ 'Member Passbook' 'ਤੇ ਕਲਿੱਕ ਕਰਨਾ ਹੈ। ਲਾਗਇਨ ਕਰਨ ਲਈ ਤੁਹਾਨੂੰ ਆਪਣਾ UAN ਤੇ ਪਾਸਵਰਡ ਭਰਨਾ ਪਵੇਗਾ ਜਿਸ ਤੋਂ ਬਾਅਦ ਤੁਸੀਂ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ।

Posted By: Seema Anand