ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਨੇ ਘਰੇਲੂ ਗੈਸ ਯਾਨੀ ਐੱਲਪੀਜੀ ਦੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਗਾਹਕ ਜੇਕਰ ਮੌਜੂਦਾ ਗੈਸ ਏਜੰਸੀ ਦੀ ਸਹੂਲਤ ਤੋਂ ਸੰਤੁਸ਼ਟ ਨਹੀਂ ਹਨ ਤਾਂ ਦੂਜੀ ਏਜੰਸੀ ’ਚ ਆਪਣਾ ਕੁਨੈਕਸ਼ਨ ਟਰਾਂਸਫਰ ਕਰਵਾ ਸਕਦੇ ਹਨ। ਫ਼ਿਲਹਾਲ ਇਕ ਹੀ ਕੰਪਨੀ ਦੀ ਏਜੰਸੀ ’ਚ ਕੁਨੈਕਸ਼ਨ ਟਰਾਂਸਫਰ ਦੀ ਸਹੂਲਤ ਹੋਵੇਗੀ। ਪਹਿਲੇ ਗੇੜ ’ਚ ਸਰਕਾਰ ਨੇ ਚੰਡੀਗੜ੍ਹ, ਪੁਣੇ, ਰਾਂਚੀ, ਕੋਇੰਬਟੂਰ ਤੇ ਗੁੜਗਾਓਂ ’ਚ ਇਹ ਸਹੂਲਤ ਸ਼ੁਰੂ ਕੀਤੀ ਹੈ। ਛੇਤੀ ਹੀ ਪੂਰੇ ਦੇਸ਼ ਵਿਚ ਇਸਨੂੰ ਲਾਗੂ ਕੀਤਾ ਜਾਵੇਗਾ।

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ’ਚ ਸਕੱਤਰ ਤਰੁਣ ਕਪੂਰ ਨੇ ਦੈਨਿਕ ਜਾਗਰਣ ਨੂੰ ਕਿਹਾ ਕਿ ਹਾਲੇ ਪ੍ਰਯੋਗ ਵਜੋਂ ਇਸਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਐੱਲਪੀਜੀ ਗਾਹਕਾਂ ਦੀ ਸਰਵਿਸ ਨੂੰ ਲੈ ਕੇ ਗੈਸ ਏਜੰਸੀਆਂ ਹੋਰ ਚੌਕਸ ਹੋ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਇਸ ਯੋਜਨਾ ਨੂੰ ਨਾ ਸਿਰਫ਼ ਪੂਰੇ ਦੇਸ਼ ’ਚ ਲਾਗੂ ਕਰਨ ਦੀ ਹੈ, ਬਲਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਬਾਅਦ ’ਚ ਗਾਹਕਾਂ ਨੂੰ ਦੂਜੀ ਕੰਪਨੀ ਦੀ ਏਜੰਸੀ ’ਚ ਵੀ ਕੁਨੈਕਸ਼ਨ ਟਰਾਂਸਫਰ ਕਰਨ ਦੀ ਸਹੂਲਤ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਗੈਸ ਏਜੰਸੀਆਂ ’ਚ ਸੇਵਾ ਦੀ ਗੁਣਵੱਤਾ ਨੂੰ ਸੁਧਾਰਨ ਨੂੰ ਲੈ ਕੇ ਮੁਕਾਬਲਾ ਵਧੇਗਾ ਤੇ ਇਹ ਗਾਹਕਾਂ ਲਈ ਬਿਹਤਰ ਕਦਮ ਸਾਬਿਤ ਹੋਵੇਗਾ।

29 ਕਰੋੜ ਗਾਹਕ, ਸਿਰਫ਼ ਤਿੰਨ ਕੰਪਨੀਆਂ

ਭਾਰਤ ’ਚ ਇਸ ਸਮੇਂ 29 ਕਰੋੜ ਐੱਲਪੀਜੀ ਗਾਹਕ ਹਨ ਤੇ ਇਸ ਸੇਵਾ ’ਚ ਸਿਰਫ਼ ਤਿੰਨ ਸਰਕਾਰੀ ਕੰਪਨੀਆਂ ਹਨ। ਸਰਕਾਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਕੰਪਨੀਆਂ ’ਚ ਸਰਵਿਸ ਦੀ ਗੁਣਵੱਤਾ ਵਧਾਉਣ ’ਤੇ ਸੁਸਤੀ ਰਹਿੰਦੀ ਹੈ। ਡਿਲੀਵਰੀ ਏਜੰਸੀ ਦੀ ਚੋਣ ਦੀ ਸਹੂਲਤ ਮਿਲਣ ਤੋਂ ਬਾਅਦ ਗੈਸ ਏਜੰਸੀਆਂ ਲਈ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਟਾਲਣ ਦਾ ਰੁਝਾਨ ਨਹੀਂ ਰਹੇਗਾ।

ਆਨਲਾਈਨ ਬੁਕਿੰਗ ਦੇ ਸਮੇਂ ਏਜੰਸੀ ਚੁਣਨ ਦੀ ਸਹੂਲਤ

ਇਸ ਨਵੀਂ ਵਿਵਸਥਾ ’ਚ ਗੈਸ ਏਜੰਸੀ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਗਾਹਕ ਆਨਲਾਈਨ ਗੈਸ ਸਿਲੰਡਰ ਰਿਫਿਲ ਦੇ ਸਮੇਂ ਹੀ ਇਹ ਤੈਅ ਕਰ ਸਕਣਗੇ ਕਿ ਉਹ ਕਿਸ ਏਜੰਸੀ ਤੋਂ ਸਿਲੰਡਰ ਲੈਣਾ ਚਾਹੁੰਦੇ ਹਨ। ਪੈਟਰੋਲੀਅਮ ਮੰਤਰਾਲੇ ਦੇ ਇਕ ਦੂਜੇ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਕ ਗਾਹਕ ਬਣਾਉਣ ’ਚ ਤੇਲ ਕੰਪਨੀ ਨੂੰ ਕਾਫ਼ੀ ਪੈਸਾ ਖਰਚ ਕਰਨਾ ਪੈਂਦਾ ਹੈ। ਇਸ ਲਈ ਹਾਲੇ ਤਤਕਾਲ ਇਕ ਕੰਪਨੀ ਤੋਂ ਦੂਜੀ ਕੰਪਨੀ ਦੀ ਏਜੰਸੀ ’ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਕ ਵਾਰੀ ਜਦੋਂ ਇਹ ਸਰਵਿਸ ਪੂਰੇ ਦੇਸ਼ ਵਿਚ ਲਾਗੂ ਹੋ ਜਾਵੇਗੀ ਤਾਂ ਅਗਲੇ ਗੇੜ ’ਚ ਆਪਣੇ ਇਲਾਕੇ ਦੀ ਕਿਸੇ ਵੀ ਕੰਪਨੀ ਦੀ ਕਿਸੇ ਵੀ ਏਜੰਸੀ ਤੋਂ ਗੈਸ ਰਿਫਿਲ ਕਰਾਉਣ ਦੀ ਛੋਟ ਦਿੱਤੀ ਜਾ ਸਕਦੀ ਹੈ।

Posted By: Jatinder Singh