ਜੇਐੱਨਐੱਨ, ਨਵੀਂ ਦਿੱਲੀ : ਬੈਂਕਿੰਗ ਰੈਗੂਲੇਟਰ RBI ਵੱਲੋਂ Yes Bank ਸਬੰਧੀ ਹਾਲ ਹੀ 'ਚ ਉਠਾਏ ਗਏ ਸਖ਼ਤ ਕਦਮਾਂ ਦੀ ਵਜ੍ਹਾ ਨਾਲ ਇਹ ਬੈਂਕ ਅੱਜ ਹਰ ਜਗ੍ਹਾ ਚਰਚਾ ਦੇ ਕੇਂਦਰ 'ਚ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਦੇ ਪੁਨਰਗਠਨ ਦੀ ਯੋਜਨਾ ਪੇਸ਼ ਕੀਤੀ। ਦੂਸਰੇ ਪਾਸੇ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ ਬੋਰਡ ਨੇ ਯੈੱਸ ਬੈਂਕ 'ਚ 49 ਫ਼ੀਸਦੀ ਹਿੱਸੇਦਾਰੀ ਦੇ ਐਕਵਾਇਰ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਬੀਤੇ ਦੋ ਦਿਨਾਂ 'ਚ ਕੇਂਦਰੀ ਵਿੱਤ ਮੰਤਰੀ ਤੋਂ ਲੈ ਕੇ ਆਰਬੀਆਈ ਗਵਰਨਰ ਸਮੇਤ ਐੱਸਬੀਆਈ ਚੇਅਰਮੈਨ ਤਕ ਯੈੱਸ ਬੈਂਕ ਦੇ ਗਾਹਕਾਂ ਨੂੰ ਆਸਵੰਦ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਡੁੱਬੇਗੀ ਨਹੀਂ। ਇਸ ਦੇ ਬਾਵਜੂਦ ਦੇਸ਼ ਭਰ 'ਚ ਯੈੱਸ ਬੈਂਕ ਦੇ ਏਟੀਐੱਮ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ ਵਿਚ ਇਸ ਬੈਂਕ ਦੀ ਪੂਰੀ ਕਹਾਣੀ ਜਾਣਨੀ ਜ਼ਰੂਰੀ ਹੈ ਕਿ ਆਖ਼ਿਰ ਇਹ ਬੈਂਕ ਜ਼ਬਰਦਸਤ ਸਫ਼ਲਤਾ ਦਾ ਸਵਾਦ ਚੱਖਣ ਤੋਂ ਬਾਅਦ ਅੱਜ ਮੁਸ਼ਕਿਲ 'ਚ ਕਿਹੜੇ ਕਾਰਨਾਂ ਕਰਕੇ ਹੈ।

2004 ਤੋਂ ਪਹਿਲੀ ਬ੍ਰਾਂਚ

ਯੈੱਸ ਬੈਂਕ ਦੀ ਪਹਿਲੀ ਬ੍ਰਾਂਚ ਅੱਜ ਤੋਂ ਕਰੀਬ 15-16 ਪਹਿਲਾਂ ਯਾਨੀ 2004 'ਚ ਖੁੱਲ੍ਹੀ ਸੀ। ਇਸ ਦੀ ਸਥਾਪਨਾ ਦੋ ਰਿਸ਼ਤੇਦਾਰਾਂ ਰਾਣਾ ਕਪੂਰ ਤੇ ਅਸ਼ੋਕ ਕਪੂਰ ਨੇ ਕੀਤੀ ਸੀ। ਯੈੱਸ ਬੈਂਕ ਦੇ ਸ਼ੇਅਰਾਂ ਨੂੰ 2005 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਲਿਸਟ ਕੀਤਾ ਗਿਆ ਸੀ। Yes Bank ਨੇ ਪਰਸਨਲ ਬੈਂਕਿੰਗ, ਬਿਜ਼ਨੈੱਸ ਬੈਂਕਿੰਗ ਤੇ ਕਾਰਪੋਰੇਟ ਬੈਂਕਿੰਗ ਨਾਲ ਜੁੜੇ ਕਈ ਤਰ੍ਹਾਂ ਦੇ ਪ੍ਰੋਡਕਟ ਪੇਸ਼ ਕੀਤੇ ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਾਈਵੇਟ ਸੈਕਟਰ ਬੈਂਕ ਬਣ ਗਿਆ। ਯੈੱਸ ਬੈਂਕ ਨੇ ਸੇਵਿੰਗ ਅਕਾਊਂਟ 'ਤੇ 6 ਫ਼ੀਸਦੀ ਤਕ ਦੀਆਂ ਆਕਰਸ਼ਕ ਵਿਆਜ ਦਰਾਂ ਜ਼ਰੀਏ ਖ਼ੂਬ ਨਾਂ ਕਮਾਇਆ। ਟੈਕਨਾਲੋਜੀ 'ਤੇ ਜ਼ਬਰਦਸਤ ਕੰਮ ਕੀਤਾ ਤੇ ਬੈਂਕ UPI ਤੋਂ ਲੈ ਕੇ ਕਈ ਤਰ੍ਹਾਂ ਦੀਆਂ ਸੇਵਾਵਾਂ 'ਚ ਅੱਗੇ ਰਿਹਾ। Yes Bank ਨੇ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸੇਵਿੰਗ ਅਕਾਊਂਟ ਸਕੀਮ ਪੇਸ਼ ਕੀਤੀ।

2008 'ਚ ਪਹਿਲਾ ਝਟਕਾ

2008 'ਚ ਮੁੰਬਈ 'ਚ ਦਰਦਨਾਕ ਅੱਤਵਾਦੀ ਹਮਲਾ ਹੋਇਆ। ਇਸ ਵਿਚ 160 ਤੋਂ ਜ਼ਿਆਦਾ ਭਾਰਤੀਆਂ ਦੀ ਜਾਨ ਗਈ ਪਰ ਕੀ ਤੁਹਾਨੂੰ ਮਾਲੂਮ ਹੈ ਕਿ ਇਸੇ ਹਮਲੇ 'ਚ ਇਸ ਬੈਂਕ ਦੇ ਸੰਸਥਾਪਕਾਂ 'ਚੋਂ ਇਕ ਅਸ਼ੋਕ ਕਪੂਰ ਦੀ ਵੀ ਮੌਤ ਹੋ ਗਈ। ਉਸ ਵੇਲੇ ਬੈਂਕ 'ਚ ਉਨ੍ਹਾਂ ਦੀ ਹਿੱਸੇਦਾਰੀ 12% ਸੀ। ਇਸ ਤੋਂ ਬਾਅਦ 2013 'ਚ ਅਸ਼ੋਕ ਕਪੂਰ ਦੀ ਪਤਨੀ ਮਧੂ ਕਪੂਰ ਕੰਪਨੀ ਦੇ ਬੋਰਡ 'ਚ ਡਾਇਰੈਟਰ ਨੂੰ ਨਾਮਜ਼ਦ ਕਰਨ ਲਈ ਵੋਟ ਦੇ ਅਧਿਕਾਰੀ ਦੀ ਮੰਗ ਸਬੰਧੀ ਅਦਾਲਤ ਪਹੁੰਚ ਗਈ। ਇਹ ਮਾਮਲਾ ਲਗਪਗ 2 ਸਾਲ ਚੱਲਿਆ। ਇਸ ਤੋਂ ਬਾਅਦ ਰਾਣਾ ਕਪੂਰ ਦੀ ਅਗਵਾਈ 'ਚ Yes Bank ਨੇ ਕਥਿਤ ਤੌਰ 'ਤੇ ਖ਼ਰਾਬ ਕ੍ਰੈਡਿਟ ਸਕੋਰ ਵਾਲੇ ਸਨਅਤਕਾਰਾਂ ਤੇ ਕੰਪਨੀਆਂ ਨੂੰ ਕਰਜ਼ ਵੰਡਣ ਦੀ ਸ਼ੁਰੂਆਤ ਕਰ ਦਿੱਤੀ। ਇਸ ਤਰ੍ਹਾਂ ਕਰਜ਼ਿਆਂ ਨੂੰ ਬੈਂਕ ਆਪਣੇ ਬੈਲੇਂਸ ਸ਼ੀਟ 'ਚ ਲੁਕਾਉਂਦਾ ਰਿਹਾ ਤੇ RBI ਨੂੰ ਉਸ ਵੇਲੇ ਇਸ ਦੀ ਭਿਣਕ ਤਕ ਨਹੀਂ ਲੱਗੀ।

ਸਤੰਬਰ 2018 'ਚ ਰਾਣਾ ਕਪੂਰ ਤੇ ਯੈੱਸ ਬੈਂਕ ਨੂੰ ਨਵਾਂ ਝਟਕਾ

ਸਤੰਬਰ 2018 'ਚ ਯੈੱਸ ਬੈਂਕ 'ਚ ਹੋ ਰਹੀਆਂ ਬੇਨਿਯਮੀਆਂ ਸਭ ਦੇ ਸਾਹਮਣੇ ਆ ਗਈਆਂ ਜਦੋਂ RBI ਨੇ ਤਿੰਨ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਣਾ ਕਪੂਰ ਨੂੰ 31 ਜਨਵਰੀ, 2019 ਤੋਂ ਬਾਅਦ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਦੇ ਅਹੁਦੇ 'ਤੇ ਬਣੇ ਰਹਿਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕੇਂਦਰੀ ਬੈਂਕ ਨੇ ਇਸ ਫ਼ੈਸਲੇ ਲਈ ਯੈੱਸ ਬੈਂਕ 'ਚ ਨਿਯਮਾਂ ਦੀ ਪਾਲਣਾਂ 'ਚ ਢਿੱਲ ਤੇ ਖ਼ਰਾਬ ਗਵਰਨੈਂਸ ਨੂੰ ਪ੍ਰਮੁੱਖ ਵਜ੍ਹਾ ਦੇ ਰੂਪ 'ਚ ਗਿਣਵਾਇਆ। ਆਰਬੀਆਈ ਦੀ ਸਖ਼ਤੀ ਕਾਰਨ ਕਪੂਰ ਨੂੰ ਅਹੁਦਾ ਛੱਡਣਾ ਪਿਆ ਤੇ ਰਵਨੀਤ ਗਿੱਲ ਬੈਂਕ ਦੇ ਨਵੇਂ ਮੁਖੀ ਬਣੇ। ਇਸੇ ਦੌਰਾਨ ਯੈੱਸ ਬੈਂਕ ਖ਼ਿਲਾਫ਼ ਭੇਦੀਆ ਕਾਰੋਬਾਰ ਦੇ ਦੋਸ਼ ਵੀ ਲੱਗੇ। ਹਾਲਾਂਕਿ ਬੈਂਕ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਤੇ ਆਰਬੀਆਈ ਨੇ ਬੈਂਕਿੰਗ ਐਕਟ ਮੁਤਾਬਿਕ ਯੈੱਸ ਬੈਂਕ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਹੈ।

ਹੁਣ ਕੀ ਹੋਵੇਗਾ

Yes Bank ਦੇ ਖਾਤਾਧਾਰਕਾਂ ਲਈ ਪੈਸ ਕਡਵਾਉਣ ਦੀ ਵੱਧ ਤੋਂ ਵੱਧ ਹੱਦ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਗਈ ਹੈ। ਆਰਬੀਆਈ ਗਵਰਨਰ ਨੇ ਨਿਵੇਸ਼ਕਾਂ ਤੇ ਬੈਂਕ ਦੇ ਗਹਾਕਾਂ ਨੂੰ ਆਸਵੰਦ ਕੀਤਾ ਹੈ ਕਿ 30 ਦਿਨਾਂ 'ਚ ਇਸ ਨਾਲ ਜੁੜਿਆ ਸਥਾਈ ਹੱਲ ਕੱਢ ਲਿਆ ਜਾਵੇਗਾ। ਉੱਥੇ ਹੀ ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ SBI ਸੰਕਟ ਦਾ ਸਾਹਮਣਾ ਕਰ ਰਹੇ Yes Bank 'ਚ 49% ਹਿੱਸੇਦਾਰੀ ਦੇ ਐਕਵਾਇਰ ਦੇ ਇੱਛੁਕ ਹਨ।

Posted By: Seema Anand