ਜੇਐੱਨਐੱਨ, ਨਵੀਂ ਦਿੱਲੀ : ਯੈੱਸ ਬੈਂਕ ਸੰਕਟ ਤੋਂ ਬਾਅਦ ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਬੈਂਕ ਦੇ ਗਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਮਿਊਚਲ ਫੰਡ ਤੇ ਯੈੱਸ ਬੈਂਕ ਦੇ ਸ਼ੇਅਰ ਖ਼ਰੀਦਣ ਵਾਲੇ ਨਿਵੇਸ਼ਕਾਂ ਦੇ ਹੱਥ ਮਾਯੂਸੀ ਲੱਗ ਸਕਦੀ ਹੈ।

ਮਾਹਰਾਂ ਨੇ ਦੱਸਿਆ ਕਿ ਮਿਊਚਲ ਫੰਡ ਕੰਪਨੀਆਂ ਆਮ ਨਿਵੇਸ਼ਕਾਂ ਦੀ ਰਕਮ ਅਕਸਰ ਬੈਂਕਾਂ ਦੇ ਪਰਪਚੂਅਲ ਬਾਂਡਜ਼ 'ਚ ਨਿਵੇਸ਼ ਕਰਦੀ ਹੈ। ਪਰਪਚੂਅਲ ਬਾਂਡਜ਼ ਦੀ ਕੋਈ ਪਰਪੱਕਤਾ ਮਿਆਦ ਨਹੀਂ ਹੁੰਦੀ ਹੈ। ਇਸ ਲਈ ਉਸ ਨੂੰ ਕਰਜ਼ਾ ਨਹੀਂ, ਬਲਕਿ ਇਕਵਿਟੀ ਵਜੋਂ ਲਿਆ ਜਾਂਦਾ ਹੈ ਪਰ ਨਿਯਮ ਮੁਤਾਬਕ ਬੈਂਕ ਦੇ ਅਸਫਲ ਹੋਣ 'ਤੇ ਇਸ ਪਰਪਚੂਅਲ ਬਾਂਡਜ਼ ਦਾ ਮੁੱਲ ਸਿਫ਼ਰ ਹੋ ਜਾਂਦਾ ਹੈ। ਵਿੱਤੀ ਬਾਜ਼ਾਰ ਦੇ ਅੰਦਾਜ਼ੇ ਮੁਤਾਬਕ ਮਿਊਚਲ ਫੰਡ ਕੰਪਨੀਆਂ ਯੈੱਸ ਬੈਂਕ ਤੋਂ 2,700 ਕਰੋੜ ਰੁਪਏ ਦੇ ਪਰਪਚੂਅਲ ਬਾਂਡ ਖਰੀਦੇ ਸਨ। ਹੁਣ ਇਨ੍ਹਾਂ ਬਾਂਡਜ਼ ਦਾ ਮੁੱਲ ਸਿਫ਼ਰ ਹੋ ਜਾਵੇਗਾ। ਅਜਿਹੇ 'ਚ, ਯੈੱਸ ਬੈਂਕ ਦੇ ਪਰਪਚੂਅਲ ਬਾਂਡਜ਼ ਜਾਂ ਸ਼ੇਅਰ ਖ਼ਰੀਦਣ ਵਾਲੇ ਮਿਊਚਲ ਫੰਡਜ਼ ਨਿਵੇਸ਼ਕਾਂ ਨੂੰ ਘਾਟਾ ਪਵੇਗਾ। ਐੱਸਆਰਈ ਲਿਮਟਿਡ ਦੇ ਚੀਫ ਫਾਇਨਾਂਸ਼ੀਅਲ ਪਲਾਨਰ ਕੀਰਤਨ ਸ਼ਾਹ ਨੇ ਦੱਸਿਆ ਕਿ ਮੌਜੂਦਾ ਸਥਿਤੀ 'ਚ ਜੇ ਕਿਸੇ ਨਿਵੇਸ਼ਕ ਨੂੰ ਪੈਸਾ ਚਾਹੀਦਾ ਹੈ ਤਾਂ ਉਸ ਨੂੰ ਤੁਰੰਤ ਕੱਢ ਲੈਣਾ ਚਾਹੀਦਾ ਕਿਉਂਕਿ ਹਾਲ-ਫਿਲਹਾਲ 'ਚ ਚੰਗੇ ਰਿਟਰਨ ਦੀ ਉਮੀਦ ਨਹੀਂ ਹੈ।