ਨਵੀਂ ਦਿੱਲੀ, ਬਿਜ਼ਨੈੱਸ ਡੈਸਕ: ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਦੇ ਮੰਤਵ ਨਾਲ ਕੇਂਦਰ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ 'ਚੋਂ ਇੱਕ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਹੈ। ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਸਤੰਬਰ 2019 ਨੂੰ ਕੀਤੀ ਸੀ। ਇਹ ਬਜ਼ੁਰਗ ਕਿਸਾਨਾਂ ਲਈ ਪੈਨਸ਼ਨ ਸਕੀਮ ਹੈ। ਇਸ ਸਕੀਮ ਤਹਿਤ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਬਿਨਾਂ ਕੁਝ ਕੀਤੇ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਰਹੇਗੀ।ਸਾਲਾਨਾ ਆਧਾਰ 'ਤੇ ਇਹ ਰਕਮ 36000 ਰੁਪਏ ਬਣਦੀ ਹੈ। ਲਾਭਪਾਤਰੀ ਕਿਸਾਨ ਦੀ ਮੌਤ ਹੋਣ ਦੀ ਸੂਰਤ 'ਚ, ਉਸਦੇ ਜੀਵਨ ਸਾਥੀ ਨੂੰ ਪੈਨਸ਼ਨ ਦਾ 50% ਪਰਿਵਾਰਕ ਪੈਨਸ਼ਨ ਵਜੋਂ ਮਿਲਦਾ ਹੈ। ਪਰਿਵਾਰਕ ਪੈਨਸ਼ਨ ਸਿਰਫ਼ ਜੀਵਨ ਸਾਥੀ ਨੂੰ ਹੀ ਦਿੱਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਲਈ ਕੌਣ ਅਰਜ਼ੀ ਦੇ ਸਕਦਾ ਹੈ?

ਇਸ ਸਕੀਮ ਤਹਿਤ ਸਿਰਫ਼ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਹੀ ਪੈਨਸ਼ਨ ਲਈ ਅਪਲਾਈ ਕਰ ਸਕਦੇ ਹਨ। ਸਿਰਫ਼ 18 ਤੋਂ 40 ਸਾਲ ਦੀ ਉਮਰ ਵਾਲੇ ਕਿਸਾਨ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਕੋਲ 2 ਹੈਕਟੇਅਰ ਤਕ ਵਾਹੀਯੋਗ ਜ਼ਮੀਨ ਹੈ। ਇਨ੍ਹਾਂ ਦੋ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕਿਸਾਨ ਹੀ ਇਸ ਸਕੀਮ ਤਹਿਤ ਲਾਭ ਲੈਣ ਦੇ ਯੋਗ ਹਨ।

ਕਿਸ਼ਤਾਂ 60 ਸਾਲ ਦੀ ਉਮਰ ਤਕ ਅਦਾ ਕਰਨੀਆਂ ਪੈਣਗੀਆਂ

ਇਸ ਸਕੀਮ ਦੇ ਤਹਿਤ ਕਿਸਾਨਾਂ (18 ਤੋਂ 40 ਸਾਲ ਦੀ ਉਮਰ, ਜੋ ਅਪਲਾਈ ਕਰਨਗੇ) ਨੂੰ ਪਹਿਲਾਂ ਸਰਕਾਰ ਨੂੰ ਹਰ ਮਹੀਨੇ ਕਿਸ਼ਤਾਂ ਵਿੱਚ ਭੁਗਤਾਨ ਕਰਨਾ ਪੈਂਦਾ ਹੈ। ਇਹ ਕਿਸ਼ਤਾਂ 60 ਸਾਲ ਦੀ ਉਮਰ ਤਕ ਹਰ ਮਹੀਨੇ ਦਿੱਤੀਆਂ ਜਾਂਦੀਆਂ ਹਨ, ਜਿਸ ਦੀ ਰਕਮ 55 ਰੁਪਏ ਤੋਂ ਲੈ ਕੇ 200 ਰੁਪਏ ਤਕ ਹੋ ਸਕਦੀ ਹੈ। ਫਿਰ, ਜਦੋਂ ਬਿਨੈਕਾਰ 60 ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਹ ਪੈਨਸ਼ਨ ਦੀ ਰਕਮ ਦਾ ਦਾਅਵਾ ਕਰ ਸਕਦਾ ਹੈ।

ਜੇਕਰ ਕੋਈ ਕਿਸਾਨ 18 ਸਾਲ ਦੀ ਉਮਰ ਵਿੱਚ ਇਸ ਸਕੀਮ ਲਈ ਅਪਲਾਈ ਕਰਦਾ ਹੈ, ਤਾਂ ਉਸਨੂੰ 60 ਸਾਲ ਦੀ ਉਮਰ ਤਕ ਹਰ ਮਹੀਨੇ 55 ਰੁਪਏ ਦੀ ਕਿਸ਼ਤ ਅਦਾ ਕਰਨੀ ਪਵੇਗੀ, ਜਦੋਂ ਕਿ ਜੇਕਰ ਕੋਈ ਕਿਸਾਨ 40 ਸਾਲ ਦੀ ਉਮਰ ਵਿੱਚ ਇਸ ਸਕੀਮ ਲਈ ਅਪਲਾਈ ਕਰਦਾ ਹੈ, ਤਾਂ ਉਸਨੂੰ 60 ਸਾਲ ਦੀ ਉਮਰ ਤਕ ਦਾ ਭੁਗਤਾਨ ਕਰਨ ਲਈ 200 ਰੁਪਏ ਤਕ ਹਰ ਮਹੀਨੇ ਕਿਸ਼ਤ ਵਜੋਂ ਅਦਾ ਕਰਨੇ ਪੈਣਗੇ। ਇਸ ਤੋਂ ਬਾਅਦ ਉਹ ਪੈਨਸ਼ਨ ਲਈ ਕਲੇਮ ਕਰ ਸਕਦਾ ਹੈ।

Posted By: Sandip Kaur