ਕੀ ਬੰਦ ਹੋ ਜਾਵੇਗੀ SpiceJet? ਪਾਇਲਟਾਂ ਨੂੰ ਸੈਲਰੀ ਦੇਣ ਲਈ ਪੈਸੇ ਨਹੀਂ; ਸਰਕਾਰ ਤੋਂ ਮੰਗਿਆ 1500 ਕਰੋੜ ਦਾ ਲੋਨ
ਸਪਾਈਸਜੈੱਟ ਦੇ ਮੈਨੇਜਮੈਂਟ ਨੇ ਪਾਇਲਟਾਂ ਨੂੰ ਦਿੱਤੀ ਜਾਣ ਵਾਲੀ ਸੈਲਰੀ ਵਿੱਚ ਦੇਰੀ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਉਹ ਹੌਲੀ-ਹੌਲੀ ਕਰਮਚਾਰੀਆਂ ਨੂੰ ਵੇਤਨ ਦੇ ਰਹੇ ਹਨ ਅਤੇ ਮਾਰਚ ਦੀ ਸੈਲਰੀ ਕਈ ਕਰਮਚਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ।
Publish Date: Tue, 09 Jun 2026 11:56 AM (IST)
Updated Date: Tue, 09 Jun 2026 11:59 AM (IST)
ਨਵੀਂ ਦਿੱਲੀ : ਭਾਰਤ ਦੀ ਐਵੀਏਸ਼ਨ ਕੰਪਨੀ ਸਪਾਈਸਜੈੱਟ ਭਾਰੀ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਅਤੇ ਉਸ ਨੇ ਵਿੱਤੀ ਸਹਾਇਤਾ ਵਜੋਂ ਸਰਕਾਰ ਤੋਂ ਤੁਰੰਤ ਲੋਨ ਦੀ ਮੰਗ ਕੀਤੀ ਹੈ। ਹਾਲਾਤ ਇਹ ਹਨ ਕਿ ਇਸ ਏਅਰਲਾਈਨ ਕੰਪਨੀ ਨੇ ਮਾਰਚ ਮਹੀਨੇ ਤੋਂ ਕਈ ਪਾਇਲਟਾਂ ਨੂੰ ਤਨਖ਼ਾਹ ਨਹੀਂ ਦਿੱਤੀ ਹੈ। 'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਅਨੁਸਾਰ, ਕੰਪਨੀ ਨੇ ਇਸ ਨਕਦੀ ਸੰਕਟ ਵਿੱਚੋਂ ਬਾਹਰ ਨਿਕਲਣ ਅਤੇ ਆਪਣੇ ਕੰਮਕਾਜ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ, ਸਰਕਾਰ ਦੀ 'ਇਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ' ਤਹਿਤ 1500 ਕਰੋੜ ਰੁਪਏ ਤੱਕ ਦਾ ਐਮਰਜੈਂਸੀ ਲੋਨ ਲੈਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਸਪਾਈਸਜੈੱਟ ਨੇ ਦੱਸਿਆ ਹੈ ਕਿ ਮਿਡਲ ਈਸਟ ਵਿੱਚ ਚੱਲ ਰਹੇ ਮੌਜੂਦਾ ਸੰਕਟ ਵਰਗੀਆਂ 'ਬਾਹਰੀ ਚੁਣੌਤੀਆਂ' ਕਾਰਨ ਉਨ੍ਹਾਂ ਦੇ ਕੰਮਕਾਜ ਅਤੇ ਕੈਸ਼ ਫ਼ਲੋਅ 'ਤੇ ਬਹੁਤ ਬੁਰਾ ਅਸਰ ਪਿਆ ਹੈ। ਦਰਅਸਲ, ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਕੁਝ ਹਵਾਈ ਰੂਟਾਂ 'ਤੇ ਉਡਾਣਾਂ ਭਰਨਾ ਮੁਸ਼ਕਲ ਹੋ ਗਿਆ ਹੈ।
ਸੈਲਰੀ 'ਚ ਦੇਰੀ ਦੀ ਗੱਲ ਕਬੂਲੀ
ਸਪਾਈਸਜੈੱਟ ਦੇ ਮੈਨੇਜਮੈਂਟ ਨੇ ਪਾਇਲਟਾਂ ਨੂੰ ਦਿੱਤੀ ਜਾਣ ਵਾਲੀ ਸੈਲਰੀ ਵਿੱਚ ਦੇਰੀ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਉਹ ਹੌਲੀ-ਹੌਲੀ ਕਰਮਚਾਰੀਆਂ ਨੂੰ ਵੇਤਨ ਦੇ ਰਹੇ ਹਨ ਅਤੇ ਮਾਰਚ ਦੀ ਸੈਲਰੀ ਕਈ ਕਰਮਚਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ।
ਕੰਪਨੀ ਕੋਲ ਮਾਰਚ 2026 ਤੱਕ 375 ਪਾਇਲਟ ਹਨ। ਇਨ੍ਹਾਂ ਵਿੱਚੋਂ 2 ਪਾਇਲਟਾਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਸੈਲਰੀ ਵਿੱਚ ਕਈ ਮਹੀਨਿਆਂ ਤੋਂ ਦੇਰੀ ਹੋ ਰਹੀ ਹੈ। ਨਿਊਜ਼ ਏਜੰਸੀ ਨੇ ਸਪਾਈਸਜੈੱਟ ਦੇ ਕਰਮਚਾਰੀਆਂ ਦੇ ਉਸ ਵਟਸਐਪ ਗਰੁੱਪ ਨੂੰ ਵੀ ਚੈੱਕ ਕੀਤਾ, ਜਿਸ ਵਿੱਚ ਪਾਇਲਟ ਅਤੇ ਕੇਬਿਨ ਕਰੂ ਸਮੇਤ 180 ਕਰਮਚਾਰੀ ਸ਼ਾਮਲ ਹਨ।
ਨੰਬਰ 2 ਤੋਂ ਪਹੁੰਚੀ ਨੰਬਰ 4 'ਤੇ
ਸਾਲ 2019 ਵਿੱਚ ਸਪਾਈਸਜੈੱਟ ਭਾਰਤ ਦੇ ਐਵੀਏਸ਼ਨ ਮਾਰਕੀਟ ਵਿੱਚ 15% ਹਿੱਸੇਦਾਰੀ ਦੇ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਸੀ। ਪਰ ਹੁਣ ਇਸ ਦਾ ਮਾਰਕੀਟ ਸ਼ੇਅਰ ਡਿੱਗ ਕੇ ਸਿਰਫ਼ 3.4% ਰਹਿ ਗਿਆ ਹੈ ਅਤੇ ਇਹ ਦੇਸ਼ ਦੀ ਚੌਥੀ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ।
ਇਸ ਸਾਲ ਏਅਰਲਾਈਨ ਦੇ ਸ਼ੇਅਰਾਂ ਵਿੱਚ ਵੀ 60% ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਪਾਈਸਜੈੱਟ ਦੇ ਸ਼ੇਅਰਾਂ ਵਿੱਚ ਸਾਲ 2024 ਤੋਂ ਲਗਾਤਾਰ ਬਿਕਵਾਲੀ ਹਾਵੀ ਹੈ ਅਤੇ ਇਹ 73 ਰੁਪਏ ਤੋਂ ਟੁੱਟ ਕੇ 12 ਰੁਪਏ 'ਤੇ ਪਹੁੰਚ ਗਏ ਹਨ।