ਨਵੀਂ ਦਿੱਲੀ, ਪੀਟੀਆਈ : ਮਹਿੰਗਾਈ ਘੱਟਣ ਦਾ ਨਾਂ ਨਹੀਂ ਲੈ ਰਹੀ ਹੈ। ਨਵੰਬਰ ਮਹੀਨੇ 'ਚ ਵੀ ਮਹਿੰਗਾਈ ਦਰ 'ਚ ਵਾਧਾ ਹੋਇਆ ਹੈ। ਥੋਕ ਮੁੱਲ ਆਧਾਰਿਤ ਮਹਿੰਗਾਈ ਦਰ ਨਵੰਬਰ ਮਹੀਨੇ 'ਚ 1.55 ਫ਼ੀਸਦੀ ਰਹੀ ਹੈ। ਇਸ ਤੋਂ ਪਹਿਲਾ ਅਕਤੂਬਰ ਮਹੀਨੇ 'ਚ ਇਹ 1.48 ਫ਼ੀਸਦੀ ਰਹੀ ਸੀ। ਅਕਤੂਬਰ 'ਚ ਥੋਕ ਮਹਿੰਗਾਈ ਦਰ ਅੱਠ ਮਹੀਨੇ ਦੇ ਉੱਚ ਪੱਧਰ 'ਤੇ ਸੀ, ਜਿਸ 'ਚ ਨਵੰਬਰ ਮਹੀਨੇ 'ਚ ਹੋਰ ਵਾਧਾ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਫਰਵਰੀ ਮਹੀਨੇ 'ਚ ਮਹਿੰਗਾਈ ਦਰ 2.26 ਫ਼ੀਸਦੀ 'ਤੇ ਸੀ। ਵਣਜ ਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਮਹੀਨਾਵਾਰ ਥੋਕ ਮੁੱਲ ਸੂਚਕ ਆਧਾਰਿਤ ਮਹਿੰਗਾਈ ਦਰ ਨਵੰਬਰ 2020 'ਚ 1.55 ਫ਼ੀਸਦੀ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਇਕ ਸਾਲ ਪਹਿਲਾ ਦੇ ਸਮਾਨ ਵਾਧੇ 'ਚ ਇਹ 0.58 ਫ਼ੀਸਦੀ ਰਹੀ ਸੀ।


ਤਿਉਹਾਰੀ ਸੀਜ਼ਨ 'ਚ ਵਸਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਦੇ ਚੱਲਦੇ ਥੋਕ ਮਹਿੰਗਾਈ ਦਰ 'ਚ ਇਹ ਤੇਜ਼ੀ ਦਰਜ ਕੀਤੀ ਗਈ ਹੈ। ਨਵੰਬਰ 'ਚ ਥੋਕ ਮਹਿੰਗਾਈ 9 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਹ ਫਰਵਰੀ 2020 ਤੋਂ ਬਾਅਦ ਥੋਕ ਮੁੱਲ ਆਧਾਰਿਤ ਮਹਿੰਗਾਈ ਦਾ ਉੱਚ ਪੱਧਰ ਹੈ।


ਹਾਲਾਂਕਿ ਖਾਦ ਵਸਤੂਆਂ 'ਚ ਮਹਿੰਗਾਈ ਘੱਟ ਹੋਈ ਹੈ। ਨਵੰਬਰ 2020 'ਚ ਮਹਿੰਗਾਈ ਦਰ 3.94 ਫ਼ੀਸਦੀ ਦਰਜ਼ ਕੀਤੀ ਗਈ। ਇਹ ਅਕਤੂਬਰ 2020 'ਚ 6.37 ਫ਼ੀਸਦੀ ਦਰਜ ਕੀਤੀ ਗਈ ਸੀ।

Posted By: Rajnish Kaur